ਕਰਨਾਟਕ 'ਚ ਜਨਤਾ ਦਲ (ਧਰਮਨਿਰਪੱਖ) ਦੇ ਨੇਤਾ ਐਚ.ਡੀ. ਕੁਮਾਰ ਸਵਾਮੀ ਦੀ ਮੁੱਖ ਮੰਤਰੀ ਦੇ ਤੌਰ ਤੇ ਹੋਈ ਤਾਜਪੋਸ਼ੀ ਦੌਰਾਨ ਵਿਰੋਧੀ ਧਿਰ ਦੇ ਨੇਤਾਵਾਂ ਦਾ ਭਰਤ ਮਿਲਾਪ ਦੇਖ ਕੇ ਚੂਹੇ ਅਤੇ ਬਿੱਲੀ ਦੀ ਕਥਾ ਚੇਤੇ ਆਗਈ। ਹੋਇਆ ਇੰਝ ਕਿ ਸ਼ਿਕਾਰੀ ਦੇ ਜਾਲ ਅੰਦਰ ਚੂਹਾ ਅਤੇ ਬਿੱਲੀ ਦੋਨੋਂ ਫਸ ਗਏ। ਜਾਲ ਦੇ ਬਾਹਰ ਨੇਵਲਾ ਵੀ ਘੁੰਮ ਰਿਹਾ ਸੀ ਜੋ ਬਿੱਲੀ ਤੋਂ ਡਰ ਕੇ ਨੇੜੇ ਨਹੀਂ ਸੀ ਆਰਿਹਾ। ਚੂਹਾ ਚਾਹੇ ਤਾਂ ਜਾਲ ਕੁਤਰ ਕੇ ਅਜਾਦ ਹੋ ਸਕਦਾ ਸੀ ਪਰੰਤੂ ਉਸਨੂੰ ਨੇਵਲੇ ਤੋਂ ਖਤਰਾ ਸੀ। ਉੱਧਰ ਬਿੱਲੀ ਨੂੰ ਅਜਾਦ ਹੋਨ ਲਈ ਚੂਹੇ ਦੀ ਲੋੜ ਸੀ। ਇੰਝ ਚੂਹਾ ਅਤੇ ਬਿੱਲੀ ਮਜਬੂਰੀਵਸ਼ ਦੋਸਤ ਬਨ ਗਏ। ਕਥਾ ਦਾ ਅੰਤ ਇਹ ਹੈ ਕਿ ਇਹ ਬੇਮੇਲ ਦੋਸਤੀ ਕੇਵਲ ਟਾਈਮਪਾਸ ਸਾਬਿਤ ਹੋਈ। ਬੈਂਗਲੁਰੂ ਵਿਖੇ ਹੋਏ ਰਾਜਨੀਤਿਕ ਜਮਾਵੜੇ ਵਿਚ ਸੋਨੀਆ ਗਾਂਧੀ ਦੇ ਨਾਲ ਨਜਰ ਆਏ ਆਮ ਆਦਮੀ ਪਾਰਟੀ ਦੇ ਬੋਸ ਅਰਵਿੰਦ ਕੇਜਰੀਵਾਲ, ਸੀਪੀਆਈ ਨੇਤਾ ਸੀਤਾਰਾਮ ਯੇਚੂਰੀ ਦੇ ਨਾਲ ਦਿਸੀ ਉਨ੍ਹਾਂ ਦੀ ਧੁਰ ਵਿਰੋਧੀ ਮਮਤਾ ਬੈਨਰਜੀ, ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨਾਲ ਉਹ ਮਾਇਆਵਤੀ ਦਿਸੀ ਜਿਹਨਾਂ ਨੇ ਕਦੇ ਦੋਸ਼ ਲਗਾਏ ਸਨ ਕਿ ਸਪਾ ਦੇ ਗੁੰਡਿਆਂ ਨੇ ਉਨ੍ਹਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਕਾਂਗਰਸ ਨਾਲ ਮੰਚ ਸਾਂਝਾ ਚੰਦਰਬਾਬੂ ਨਾਇਡੂ ਨੇ ਵੀ ਕੀਤਾ ਆੰਧਰ ਪ੍ਰਦੇਸ਼ ਵਿਚ ਜਿਨ੍ਹਾਂ ਦੀ ਪਾਰਟੀ ਟੀਡੀਪੀ ਦਾ ਵਜੂਦ ਹੀ ਕਾਂਗਰਸ ਵਿਰੋਧ ਤੇ ਟਿਕਿਆ ਹੈ। ਕਰਨਾਟਕ ਅੰਦਰ ਦੇਵਗੋੜਾ ਪਰਿਵਾਰ ਦੇ ਰਾਜਨੀਤਿਕ ਵਿਰੋਧੀ ਡੀਕੇ ਸ਼ਿਵਕੁਮਾਰ ਉਸੇ ਪਰਿਵਾਰ ਦੇ ਯੁਵਰਾਜ ਕੁਮਾਰ ਸਵਾਮੀ ਦੇ ਰਾਜਤਿਲਕ ਵੇਲੇ ਛਤਰ ਪਕੜ ਕੇ ਖੜੇ ਨਜਰ ਆਏ। ਠੀਕ ਹੈ ਕਿ ਚਾਹੇ ਕਿਸੇ ਸਿਆਸੀ ਗਠਜੋੜ ਦੀ ਤੁਲਨਾ ਚੂਹੇ-ਬਿੱਲੀ ਦੇ ਸੰਬੰਧਾਂ ਨਾਲ ਨਹੀਂ ਕੀਤੀ ਜਾ ਸਕਦੀ ਪਰੰਤੂ ਦੋਨਾਂ ਦੀ ਮਜਬੂਰੀ ਇੱਕੋ ਜਿਹੀ ਹੀ ਜਾਪਦੀ ਹੈ ਅਤੇ ਉਹ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਆਪਣੀ ਜਾਨ ਬਚਾਓ। ਵਿਰੋਧੀ ਦਲਾਂ ਦੇ ਇਸ ਜਮਾਵੜੇ ਨੂੰ ਕੋਈ ਗਠਜੋੜ ਦਸਨਾ ਅਜੇ ਮੀਡੀਆ ਦੀ ਕਲਪਨਾ ਜਾਂ ਕਾਹਲੀ ਹੀ ਕਹੀ ਜਾ ਸਕਦੀ ਹੈ ਪਰੰਤੂ ਸਵਾਲ ਪੈਦਾ ਹੁੰਦਾ ਹੈ ਕਿ ਜੇਕਰ ਭਾਨੂਮਤੀ ਦਾ ਇਹ ਕੁਨਬਾ ਇਕੱਠਾ ਵੀ ਹੋ ਗਿਆ ਤਾਂ ਜਨਤਾ ਦੇ ਸਾਹਮਣੇ ਕੀ ਏਜੰਡਾ ਲੈਕੇ ਜਾਵੇਗਾ? ਕੀ ਦੇਸ਼ ਦੀ ਜਨਤਾ ਮੋਦੀ ਜਾਂ ਭਾਜਪਾ ਵਿਰੋਧ ਦੇ ਨਾਂ ਤੇ ਇਸ ਸੰਭਾਵਿਤ ਗਠਜੋੜ ਨੂੰ ਦਿੱਲੀ ਦਰਬਾਰ ਦੀਆਂ ਚਾਬੀਆਂ ਸੌਂਪ ਦੇਵੇਗੀ ?
ਕੇਂਦਰ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਹਿਨੁਮਾਈ ਵਾਲੀ ਸਰਕਾਰ ਨੂੰ ਮਈ ਮਹੀਨੇ ਵਿਚ ਚਾਰ ਸਾਲ ਪੂਰੇ ਹੋ ਗਏ। ਜਿੱਥੇ ਸਰਕਾਰ ਦੇ ਕੰਮਕਾਜ ਦਾ ਲੇਖਾਜੋਖਾ ਲਿਆ ਜਾ ਰਿਹਾ ਹੈ ਤਾਂ ਵਿਰੋਧੀ ਧਿਰ ਦੇ ਖਾਤੇ ਵੀ ਤਾਂ ਫਲੋਰਨੇ ਬਣਦੇ ਹੀ ਹਨ। ਵਿਰੋਧੀ ਧਿਰ ਕੋਲ ਕਿਹੜਾ ਮੁੱਦਾ ਹੈ ਜਿਸਨੂੰ ਲੈ ਕੇ ਉਹ ਜਨਤਾ ਦੇ ਦਰਬਾਰ ਵਿਚ ਜਾਨ ਵਾਲਾ ਹੈ? ਯਾਦ ਰਹੇ ਕਿ ਅੱਜ ਤੋਂ ਚਾਰ ਸਾਲ ਪਹਿਲਾਂ ਦਾ ਦੇਸ਼ ਦਾ ਵਾਤਾਵਰਨ ਜਦੋਂ ਭ੍ਰਿਸ਼ਟਾਚਾਰ ਅਤੇ ਨੀਤੀ ਵਿਕਲਾਂਗਤਾ (ਪੋਲਿਸੀ ਪੈਰਾਲਾਇਸਿਜ) ਦੇ ਕਾਰਨ ਭਾਰਤ ਪੂਰੀ ਦੁਨੀਆ ਵਿਚ ਚਰਚਾ ਦਾ ਕੇਂਦਰ ਸੀ। ਚਾਹੇ ਵਿਰੋਧੀ ਧਿਰ ਅੱਜ ਮੋਦੀ ਸਰਕਾਰ ਤੇ ਵੀ ਭ੍ਰਿਸ਼ਟਾਚਾਰ ਦੇ ਦੋਸ਼ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਲਈ ਪੰਜਾਬ ਨੈਸ਼ਨਲ ਬੈਂਕ ਘੁਟਾਲੇ, ਵਿਜੇ ਮਾਲਿਆ, ਮੇਹੁਲ ਚੌਕਸੀ, ਨੀਰਵ ਮੋਦੀ ਦੀਆਂ ਉਦਾਹਰਣਾਂ ਦੇ ਰਿਹਾ ਹੈ ਪਰੰਤੂ ਆਮ ਜਨਤਾ ਦੀਆਂ ਨਜਰਾਂ ਵਿਚ ਸਰਕਾਰ ਭ੍ਰਿਸ਼ਟਾਚਾਰ ਖਿਲਾਫ ਲੜਦੀ ਦਿਖਾਈ ਦੇ ਰਹੀ ਹੈ। ਜਨਤਾ ਚਾਹੇ ਜੀਐਸਟੀ ਅਤੇ ਨੋਟਬੰਦੀ ਤੋਂ ਪਰੇਸ਼ਾਨ ਰਹੀ ਪਰੰਤੂ ਕਿਤੇ ਨਾ ਕਿਤੇ ਸਰਕਾਰ ਜਨਤਾ 'ਚ ਇਹ ਵਿਸ਼ਵਾਸ ਪੈਦਾ ਕਰਨ ਵਿਚ ਸਫਲ ਰਹੀ ਕਿ ਇਹ ਸਾਰੇ ਕਦਮ ਭ੍ਰਿਸ਼ਟਾਚਾਰ ਖਤਮ ਕਰਨ ਲਈ ਹੀ ਪੁੱਟੇ ਗਏ ਹਨ। ਕੇਂਦਰ ਸਰਕਾਰ ਜਿਸ ਤਰੀਕੇ ਨਾਲ ਬੈਂਕਿੰਗ ਖੇਤਰ ਵਿਚ ਸੁਧਾਰ ਕਰ ਰਹੀ ਹੈ, ਰੀਅਲ ਇਸਟੇਟ ਅਤੇ ਦਿਵਾਲੀਆ ਕਾਨੂੰਨ ਵਿਚ ਸੁਧਾਰ ਕੀਤਾ ਗਿਆ ਹੈ ਇਸਦਾ ਅਸਰ ਦਿਸਨਾ ਸ਼ੁਰੂ ਹੋ ਗਿਆ ਹੈ। ਹਰ ਪਿੰਡ ਵਿਚ ਬਿਜਲੀ ਤੋਂ ਬਾਦ ਹੁਨ ਹਰ ਘਰ ਨੂੰ ਬਿਜਲੀ, 3 ਕਰੋੜ ਗਰੀਬ ਪਰਿਵਾਰਾਂ ਨੂੰ ਮੁਫਤ ਗੈਸ ਕੁਨੈਕਸ਼ਨ, 31 ਕਰੋੜ ਗਰੀਬ ਲੋਕਾਂ ਦੇ ਬੈਂਕ ਖਾਤੇ ਖੋਲੇ ਗਏ ਹਨ ਉਸ ਨਾਲ ਸਰਕਾਰ ਦੀ ਸਕਾਰਾਤਮਕ ਛਵਿ ਜਨਤਾ ਸਾਹਮਣੇ ਆਈ ਹੈ। ਮੋਦੀ ਦਾ ਭਾਰਤ ਸਵੱਛਤਾ ਅਭਿਆਨ ਨੇ ਆਮ ਲੋਕਾਂ ਨੂੰ ਸਰਕਾਰ ਨਾਲ ਜੋੜਿਆ ਹੈ।
ਦੂਸਰੇ ਪਾਸੇ ਸਵਾਲ ਹੈ ਕਿ ਜੇਕਰ ਵਿਰੋਧੀ ਧਿਰ ਮੋਦੀ ਸਰਕਾਰ ਦੇ ਖਿਲਾਫ ਭ੍ਰਿਸ਼ਟਾਚਾਰ ਦੇ ਆਰੋਪ ਲਗਾਉਂਦਾ ਵੀ ਹੈ ਤਾਂ ਕੀ ਦੇਸ਼ ਦੀ ਜਨਤਾ ਉਸ ਮਾਇਆਵਤੀ ਤੇ ਵਿਸ਼ਵਾਸ ਕਰੇਗੀ ਜੋ ਖੁਦ ਕਈ ਕੇਸਾਂ ਵਿਚ ਘਿਰੀ ਹੋਈ ਹੈ। ਕੀ ਲੋਕ ਸੋਨੀਆ ਅਤੇ ਰਾਹੁਲ ਗਾਂਧੀ ਤੇ ਵਿਸ਼ਾਵਸ ਕਰਨਗੇ ਜੋ ਨੈਸ਼ਨਲ ਹੈਰਾਲਡ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਜਮਾਨਤ ਤੇ ਬਾਹਰ ਆਏ ਹੋਏ ਹਨ। ਕਾਂਗਰਸ ਸਰਕਾਰਾਂ ਦੇ ਭ੍ਰਿਸ਼ਚਾਰ ਦੇ ਕੇਸ ਅਜੇ ਤਕ ਲੋਕਾਂ ਦੇ ਦਿਮਾਗ ਵਿਚ ਤਾਜਾ ਹਨ। ਕੀ ਦੇਸ਼ ਦੀ ਜਨਤਾ ਮਜਾਕ ਦਾ ਮੌਜੂ ਬਣੇ ਅਰਵਿੰਦ ਕੇਜਰੀਵਾਲ ਨੂੰ ਗੰਭੀਰਤਾ ਨਾਲ ਲਵੇਗੀ ਜਾਂ ਲਾਲੂ ਯਾਦਵ ਅਤੇ ਅਖਿਲੇਸ਼ ਯਾਦਵ ਜਿਹੇ ਜਾਤਿਵਾਦੀ ਅਤੇ ਤੁਸ਼ਟੀਕਰਣ ਦੀ ਨੀਤੀ ਤੇ ਚਲਨ ਵਾਲੇ ਨੇਤਾ ਜਨਤਾ ਨੂੰ ਯਕੀਨ ਦਿਲਵਾਉਣ ਵਿਚ ਸਫਲ ਹੋਣਗੇ ਕਿ ਉਹ ਸਬਕਾ ਸਾਥ ਸਬਕਾ ਵਿਕਾਸ ਦੀ ਨੀਤੀ ਤੇ ਖਰਾ ਉਤਰਨਗੇ। ਅੱਜ ਭਾਰਤੀ ਸਮਾਜ 1990 ਦੇ ਦਸ਼ਕ ਵਾਲਾ ਨਹੀਂ ਰਿਹਾ ਹੈ ਜਦੋਂ ਧਰਮਨਿਰਪੱਖਤਾ ਅਤੇ ਫਿਰਕਾਪ੍ਰਸਤੀ ਜਿਹੇ ਮੁੱਦੇ ਭੁਨਾ ਲਏ ਜਾਂਦੇ ਸਨ। ਸੂਚਨਾ ਕ੍ਰਾਂਤੀ ਦੇ ਯੁਗ ਵਿਚ ਜੰਨਮੀ ਅੱਜ ਦੀ ਨਸਲ ਵਿਕਾਸ ਚਾਹੁੰਦੀ ਹੈ ਜੋ ਫਿਲਹਾਲ ਤਾਂ ਮੌਜੂਦ ਵਿਰੋਧੀ ਧਿਰ ਦੇ ਕਿਸੇ ਵੀ ਨੇਤਾ ਦੇ ਏਜੰਡੇ ਵਿਚ ਦਿਖਾਈ ਨਹੀਂ ਦੇ ਰਿਹਾ ਹੈ।
ਪਿਛਲੇ ਚਾਰ ਸਾਲਾਂ ਵਿਚ ਕਾਂਗਰੇਸ ਸਮੇਤ ਸਾਰੇ ਵਿਰੋਧੀ ਦਲਾਂ ਦੀ ਕਾਰਗੁਜਾਰੀ ਦੇਖੀ ਜਾਵੇ ਤਾਂ ਬਹੁਤ ਘੱਟ ਇਹੋ-ਜਿਹੇ ਮੌਕੇ ਆਏ ਹਨ ਜਦੋਂ ਇਨ੍ਹਾਂ ਦਲਾਂ ਅਤੇ ਇਨ੍ਹਾਂ ਦੇ ਨੇਤਾਵਾਂ ਨੇ ਆਪਣੀ ਸੰਵਿਧਾਨਿਕ ਜਿੰਮੇਵਾਰੀ ਇਮਾਨਦਾਰੀ ਨਾਲ ਨਿਭਾਈ ਹੋਵੇ। ਸੰਸਦ ਵਿਰ ਸ਼ੋਰਸ਼ਰਾਬਾ, ਲੋਕਸਭਾ-ਰਾਜਸਭਾ ਨੂੰ ਠੱਪ ਕਰ ਦੇਨਾ ਹੀ ਤਾਂ ਵਿਰੋਧੀ ਧਿਰ ਦਾ ਕੰਮ ਨਹੀਂ ਹੈ। ਸੰਸਦ ਵਿਚ ਕਦੇ ਵੀ ਵਿਰੋਧੀ ਧਿਰ ਦੇ ਨੇਤਾ ਗੰਭੀਰ ਵਿਸ਼ੇ ਤੇ ਚਰਚਾ ਕਰਦੇ ਹੋਏ ਜਾਂ ਸਰਕਾਰ ਨੂੰ ਘੇਰਦੇ ਹੋਏ ਦਿਖਾਈ ਨਹੀਂ ਦਿੱਤੇ। ਨਾਂ ਹੀ ਕਿਸੇ ਨੇਤਾ ਨੇ ਦੇਸ਼ ਦੀ ਜਨਤਾ ਨਾਲ ਜੁੜਨ ਦਾ ਉਸ ਨਾਲ ਸੰਵਾਦ ਪੈਦਾ ਕਰਨ ਦੀ ਕੋਸ਼ਿਸ਼ ਕੀਤੀ।
ਮੋਦੀ ਵਿਰੋਧੀ ਜਮਾਵੜੇ ਵਿਚ ਉਹ ਦਲ ਸ਼ਾਮਿਲ ਹਨ ਜਿਨ੍ਹਾਂ ਦੀ ਨਾ ਕੇਵਲ ਲੋਕਪ੍ਰਿਅਤਾ ਨਿਘਾਰ ਵੱਲ ਹੈ ਬਲਕਿ ਆਪਣੇ-ਆਪਣੇ ਰਾਜਾਂ ਵਿਚ ਇਹ ਇਕ ਦੂਸਰੇ ਦੇ ਸਿਆਸੀ ਪ੍ਰਤੀਦਵੰਦੀ ਵੀ ਹਨ। ਬੰਗਾਲ ਵਿਚ ਖੱਬੇ ਪੱਖੀ ਅਤੇ ਮਮਤਾ, ਯੂਪੀ ਵਿਚ ਸਪਾ, ਬਸਪਾ ਅਤੇ ਕਾਂਗਰੇਸ, ਮਹਾਰਾਸ਼ਟਰ ਵਿਚ ਕਾਂਗਰੇਸ ਅਤੇ ਨੈਸ਼ਨਲ ਕਾਂਗਰੇਸ, ਆੰਧਰ ਪ੍ਰਦੇਸ਼ ਵਿਚ ਟੀਡੀਪੀ ਅਤੇ ਕਾਂਗਰੇਸ, ਖੁਦ ਕਰਨਾਟਕ ਵਿਚ ਜਨਤਾ ਦਲ (ਐਸ) ਅਤੇ ਕਾਂਗਰੇਸ ਇਕ ਦੂਸਰੇ ਦੇ ਵਿਰੋਧੀ ਹਨ ਅਤੇ ਇਨ੍ਹਾਂ ਦਾ ਵਜੂਦ ਇਕ ਦੂਸਰੇ ਦੇ ਵਿਰੋਧ ਤੇ ਹੀ ਟਿਕਿਆ ਹੈ। ਸਵਾਲ ਪੈਦਾ ਹੁੰਦਾ ਹੈ ਕਿ ਕੀ ਇਹ ਦਲ ਆਪਣੀ ਕੀਮਤ ਤੇ ਦੂਸਰੇ ਦਲ ਨੂੰ ਸ਼ਕਤੀਸ਼ਾਲੀ ਹੋਣ ਦਾ ਮੌਕਾ ਦੇਣਗੇ। ਹਾਸੋਹੀਣੀ ਗੱਲ ਇਹ ਹੈ ਕਿ ਕੁਮਾਰ ਸਵਾਮੀ ਦੇ ਤਾਜਪੋਸ਼ੀ ਦੇ ਵਿਗਿਆਪਨ ਵਿਚ ਜੈਪ੍ਰਕਾਸ਼ ਨਾਰਾਇਣ ਅਤੇ ਇੰਦਰਾ ਗਾਂਧੀ ਨੂੰ ਇਕ ਪੋਸਟਰ ਵਿਚ ਦਿਖਾਇਆ ਗਿਆ। ਜੇਪੀ ਦਾ ਸਾਰਾ ਜੀਵਨ ਗਾਂਧੀ ਪਰਿਵਾਰ ਦੀ ਤਾਨਾਸ਼ਾਹੀ ਨਾਲ ਲੜਤਿਆਂ ਬੀਤਿਆ ਅਤੇ ਉਨ੍ਹਾਂ ਦੀ ਪਹਿਚਾਣ ਹੀ ਇੰਦਰਾ ਗਾਂਧੀ ਦੀ ਐਮਰਜੇਂਸੀ ਖਿਲਾਫ ਇਕ ਜੁਝਾਰੀ ਨੇਤਾ ਦੀ ਹੈ। ਇਸ ਬੇਮੇਲ ਗਠਜੋੜ ਦਾ ਸੁਫਨਾ ਦੇਖਨ ਵਾਲਿਆਂ ਨੂੰ ਜਨਮਾਨਸ ਨੂੰ ਵੀ ਸਮਝਨਾ ਚਾਹੀਦਾ ਹੈ ਜਿਸਦਾ ਅੱਜਕਲ ਬਹੁਤ ਵੱਡਾ ਜਰੀਆ ਸੋਸ਼ਲ ਮੀਡੀਆ ਹੈ। ਬੈਂਗਲੁਰੂ ਵਿਚ ਹੋਏ ਬੇਮੇਲ ਸਿਆਸੀ ਭਰਤ ਮਿਲਾਪ ਨੂੰ ਲੈ ਕੇ ਬਹੁਤ ਸਾਰੇ ਚੁਟਕਲੇ ਸੁਨਣ ਨੂੰ ਮਿਲ ਰਹੇ ਹਨ। ਦੇਸ਼ ਅੰਦਰ ਕੋਈ ਰਾਜਨੀਤਿਕ ਗਠਜੋੜ ਹੁੰਦਾ ਹੈ ਤਾਂ ਉਸਦਾ ਸਵਾਗਤ ਹੋਣਾ ਹੀ ਚਾਹੀਦਾ ਹੈ ਪਰੰਤੂ ਜਨਤਾ ਨੂੰ ਇਸਦੀ ਸਾਰਥਕਤਾ ਵੀ ਦਿਖਾਈ ਦੇਣੀ ਚਾਹੀਦੀ ਹੈ। ਕੇਵਲ ਵਜੂਦ ਬਚਾਉਣ ਦੇ ਏਜੰਡੇ ਤੇ ਚਲ ਕੇ ਕੋਈ ਵੀ ਰਾਜਨੀਤਿਕ ਦਲ ਜਾਂ ਗਠਜੋੜ ਸਫਲ ਨਹੀਂ ਹੋ ਸਕਦਾ।
ਰਾਕੇਸ਼ ਸੈਨ
32, ਖੰਡਾਲਾ ਫਾਰਮਿੰਗ ਕਲੋਨੀ,
ਵੀਪੀਓ ਰੰਧਾਵਾ ਮਸੰਦਾ,
ਜਲੰਧਰ।
ਮੋ. 097797-14324
No comments:
Post a Comment