ਜੁਝਾਰੂ ਰਾਜਨੀਤੀ, ਸੰਘਰਸ਼ਸ਼ੀਲ ਅਤੇ ਸਾਦੇ ਜੀਵਨ ਦੇ ਚਲਦਿਆਂ ਪੱਛਮੀ ਬੰਗਾਲ ਦੀ ਮੁੱਖਮੰਤਰੀ ਮਮਤਾ ਬੈਨਰਜੀ ਨੂੰ ਬੰਗਾਲ ਦੀ ਸ਼ੇਰਨੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਬੁੱਧੀਜੀਵੀਆਂ ਦੀ ਧਰਤੀ ਅਤੇ ਅਮੀਰ ਸੱਭਿਆਚਾਰ ਵਾਲੇ ਬੰਗਾਲ 'ਚ ਲਗਭਗ 34 ਸਾਲ ਚੱਲੇ ਖੱਬੇਪੱਖੀ ਰਾਜ ਦਾ ਤਖਤਾ ਪਲਟ ਕਰਨ ਵਾਲੀ ਮਮਤਾ ਨੇ ਆਪਣੇ ਨਾਂ ਨਾਲ ਪੂਰਾ ਇੰਸਾਫ ਵੀ ਕੀਤਾ ਹੈ, ਪਰੰਤੂ ਹੁਨ ਇਸ ਸ਼ੇਰਨੀ ਦੇ ਪੰਜੇ ਲੋਕਤੰਤਰ ਦਾ ਗਲਾ ਘੋਟਦੇ ਜਾਪ ਰਹੇ ਹਨ। ਬੰਗਾਲ ਦੀਆਂ ਪੰਚਾਇਤ ਚੋਣਾਂ ਅੰਦਰ ਜਿਸ ਤਰ੍ਹਾਂ ਹਿੰਸਾ ਹੋਈ ਅਤੇ ਸੱਤਾਧਾਰੀ ਲੋਕਾਂ ਨੇ ਸਾਰੀਆਂ ਮਰਿਆਦਾਵਾਂ ਨੂੰ ਤਾਰ-ਤਾਰ ਕੀਤਾ ਉਸ ਨਾਲ ਬੰਗਾਲ ਦੀ ਛਵੀ ਨੂੰ ਧੱਕਾ ਲੱਗਿਆ ਹੈ। ਵਿਸ਼ਵ ਗੁਰੂ ਰਬਿੰਦਰ ਨਾਥ ਟੈਗੋਰ, ਬੰਕਿਮ ਚੰਦਰ ਚਟਰਜੀ, ਸਵਾਮੀ ਵਿਵੇਕਾਨੰਦ ਜਿਹੋ-ਜਿਹੇ ਮਹਾਪੁਰਸ਼ਾਂ, ਸੁਭਾਸ਼ ਚੰਦਰ ਬੋਸ ਅਤੇ ਖੁਦੀਰਾਮ ਬੋਸ ਜਿਹੋ-ਜਿਹੇ ਕ੍ਰਾਂਤੀਕਾਰੀਆਂ ਦੀ ਧਰਤੀ ਅੱਜ ਹਿੰਸਾ, ਖੂਨਖਰਾਬੇ, ਫਿਰਕੂ ਪਾੜੇ ਅਤੇ ਲੋਕਤੰਤਰ ਦੀ ਹੱਤਿਆ ਦੀਆਂ ਘਟਨਾਵਾਂ ਕਾਰਨ ਚਰਚਾ ਵਿਚ ਹੈ।
ਚੁਨਾਵ ਆਯੋਗ ਦੀ ਆਂਕੜਿਆਂ ਅਨੁਸਾਰ ਰਾਜ ਦੀ 621 ਜਿਲਾ ਪਰਿਸ਼ਦ, 31803 ਗ੍ਰਾਮ ਪੰਚਾਇਤ ਦੀਆਂ 48650 ਸੀਟਾਂ ਤੇ ਹੋਈਆਂ ਚੌਣਾਂ ਵਿਚ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਨੂੰ ਭਾਰੀ ਸਫਲਤਾ ਮਿਲੀ ਹੈ। ਤਿੰਨ ਪੱਧਰ ਦੇ ਹੋਈਆਂ ਇਹਨਾਂ ਚੋਣਾਂ ਵਿਚ 34 ਪ੍ਰਤੀਸ਼ਤ ਸੀਟਾਂ ਦਾ ਫੈਸਲਾ ਬਿਨਾ ਮੁਕਾਬਲਾ ਹੋਇਆ ਹੈ ਜੋ ਸਾਫ ਹੈ ਕਿ ਇਹ ਸੱਤਾਧਾਰੀ ਉਂਮੀਦਵਾਰਾਂ ਦੇ ਪੱਖ ਵਿਚ ਗਏ ਹਨ। ਦੂਸਰੇ ਸਥਾਨ ਤੇ ਭਾਰਤੀ ਜਨਤਾ ਪਾਰਟੀ ਅਤੇ ਤੀਸਰੀ ਥਾਂ ਤੇ ਖੱਬੇ ਪੱਖੀ ਪਾਰਟੀਆਂ ਰਹੀਆਂ ਹਨ। ਕਾਂਗਰੇਸ ਪਾਰਟੀ ਨੇ ਵੀ ਆਟੇ 'ਚ ਲੂਣ ਜਿੰਨੀ ਸਫਲਤਾ ਮਿਲੀ ਹੈ। ਜੇਕਰ ਇਹ ਚੋਣਾ ਵਿਵਾਦ ਰਹਿਤ ਹੁੰਦੀਆਂ ਤਾਂ ਇਸ ਸਫਲਤਾ ਤੇ ਮਮਤਾ ਬੈਨਰਜੀ ਨੂੰ ਵਧਾਈ ਦੇਣੀ ਬਣਦੀ ਸੀ, ਪਰੰਤੂ ਹੋਇਆ ਇਸਦੇ ਉਲਟ ਹੈ ਕਿ ਚੋਣਾਂ ਖਤਮ ਹੋਣ ਤੋਂ ਬਾਦ ਮਮਤਾ ਦੀ ਅਲੋਚਨਾ ਸ਼ੁਰੂ ਹੋ ਗਈ ਹੈ। ਜਿਸ ਤਰ੍ਹਾਂ ਪੂਰੀ ਚੋਣ ਪ੍ਰਕ੍ਰਿਆ ਵਿਚ ਹਿੰਸਾ, ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ, ਮਤਪੇਟੀਆਂ ਦੀ ਲੁੱਟਖੋਹ, ਮਤਦਾਤਾਵਾਂ ਨੂੰ ਡਰਾਉਣ-ਧਮਕਾਉਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਉਸਨੇ ਪਿਛਲੀ ਸਦੀ ਦੇ 80-90 ਦੇ ਦਹਾਕੇ ਅੰਦਰ ਬਿਹਾਰ ਅਤੇ ਯੂਪੀ ਵਿਚ ਹੋਣ ਵਾਲੀਆਂ ਚੋਣਾਂ ਦੀਆਂ ਯਾਦਾਂ ਤਾਜਾ ਕਰ ਦਿੱਤੀਆਂ। ਮਤਦਾਨ ਅਤੇ ਮਤਗਣਨਾ ਵਾਲੇ ਦਿਨ ਪੂਰੇ ਰਾਜ ਅੰਦਰ 56 ਮਤਦਾਨ ਕੇਂਦਰਾਂ ਵਿਚ ਹਿੰਸਾ ਦੀਆਂ ਸ਼ਿਕਾਇਤ ਦਰਜ ਹੋਈਆਂ ਅਤੇ 131 ਹਿੰਸਾ, ਅਗਜਨੀ, ਤੋੜਫੋੜ ਦੇ ਕੇਸ ਸਾਹਮਣੇ ਆਏ। ਰਾਜ ਵਿਚ 13 ਲੋਕਾਂ ਦੀਆਂ ਕੀਮਤੀ ਜਾਨਾਂ ਵੀ ਗਈਆਂ ਅਤੇ ਕਈ ਦਰਜਨ ਲੋਕ ਜਖਮੀ ਹੋਏ। ਇਕ ਪਾਸੇ ਜਿੱਥੇ ਪੂਰੇ ਦੇਸ਼ ਅੰਦਰ ਚੋਣ ਪ੍ਰਕ੍ਰਿਆ ਸੁਧਾਰ ਵੱਲ ਵਧ ਰਹੀ ਹੈ ਤਾਂ ਜਾਗਰੂਕ ਜਮਨਤ ਵਾਲੇ ਰਾਜ ਪੱਛਮੀ ਬੰਗਾਲ ਅੰਦਰ ਹੋਈਆਂ ਇਨ੍ਹਾਂ ਘਟਨਾਵਾਂ ਨੇ ਇਹ ਚਿੰਤਾ ਪੈਦਾ ਕਰ ਦਿੱਤੀ ਹੈ ਕਿ ਬੰਗਾਲ ਦੀ ਸ਼ੇਰਨੀ ਦੇ ਪੰਜਿਆਂ ਵਿਚ ਘੁੱਟ ਕੇ ਲੋਕਤੰਤਰ ਦੀ ਮੌਤ ਹੀ ਨਾ ਹੋ ਜਾਵੇ।
ਉਂਝ ਬੰਗਾਲ ਵਿਚ ਹਿੰਸਾ ਦਾ ਇਕ ਲੰਮਾ ਇਤਿਹਾਸ ਰਿਹਾ ਹੈ। ਦੇਸ਼ ਦੀ ਵੰਡ ਤੋਂ ਪਹਿਲਾਂ ਮੁਸਲਿਮ ਲੀਗ ਦੇ ਗੁੰਡਿਆਂ ਦੀ ਉਸ ਡਾਇਰੇਕਟ ਐਕਸ਼ਨ ਦੀ ਕਾਰਵਾਈ ਨੂੰ ਛੱਡ ਵੀ ਦਿੱਤਾ ਜਾਵੇ ਜਿਸ ਵਿਚ ਹਜ਼ਾਰਾਂ ਹਿੰਦੂ ਮਾਰੇ ਗਏ ਸਨ, ਤਾਂ ਵੀ ਸਾਲ 1977 ਤੋਂ ਲੈ ਕੇ ਸਾਲ 2010 ਤਕ 28000 ਲੋਕ ਹਿੰਸਾ ਦੀਆਂ ਘਟਨਾਵਾਂ ਅੰਦਰ ਮਾਰੇ ਜਾ ਚੁਕੇ ਹਨ। ਮਮਤਾ ਬੈਨਰਜੀ ਤੋਂ ਪਹਿਲਾਂ ਵਾਲੀ ਖੱਬੇ ਮੋਰਚੇ ਦੀਆਂ ਸਰਕਾਰਾਂ ਨੂੰ ਇਸ ਹਿੰਸਾ ਦੀ ਰਾਜਨੀਤੀ ਸ਼ੁਰੂ ਕਰਨ ਦਾ ਤਗਮਾ ਦਿੱਤਾ ਜਾ ਸਕਦਾ ਹੈ। ਇਹ ਠੀਕ ਹੈ ਕਿ ਦੇਸ਼ ਅੰਦਰ ਭੂਮੀ ਸੁਧਾਰ ਅੰਦੋਲਨ ਅਤੇ ਪੰਚਾਇਤ ਰਾਜ ਪ੍ਰਣਾਲੀ ਦੀ ਸ਼ੁਰੂਆਤ ਖੱਬੇ ਪੱਖੀ ਸਰਕਾਰਾਂ ਨੇ ਕੀਤੀ ਜਿਸਦੀ ਕੇਵਲ ਭਾਰਤ 'ਚ ਹੀ ਨਹੀਂ ਬਲਕਿ ਪੂਰੀ ਦੁਨੀਆ ਅੰਦਰ ਸ਼ਲਾਘਾ ਵੀ ਹੋਈ ਪਰੰਤੂ ਜਿਵੇਂ-ਜਿਵੇਂ ਕਮਿਊਨਿਸਟ ਪਾਰਟੀ ਦੇ ਦੋਫਾੜ ਅਤੇ ਹੋਰ ਕਾਰਨਾਂ ਕਰਕੇ ਖੱਬੇ ਪੱਖੀ ਸਰਕਾਰਾਂ ਕਮਜੋਰ ਹੋਣੀਆਂ ਸ਼ੁਰੂ ਹੋਈਆਂ ਤਾਂ ਇਨ੍ਹਾਂ ਪਾਰਟੀਆਂ ਨੇ ਆਪਣਾ ਵਜੂਦ ਬਚਾਉਣ ਲਈ ਹਿੰਸਾ ਦਾ ਸਹਾਰਾ ਲੈਣਾ ਸ਼ੁਰੂ ਕਰ ਦਿੱਤਾ। ਵਿਰੋਧੀ ਧਿਰ ਨੂੰ ਡਰਾਉਣਾ, ਧਮਕਾਉਣਾ, ਅੱਤਿਆਚਾਰ ਕਰਨਾ ਇੱਥੋਂ ਤਕ ਕਿ ਹੱਤਿਆ ਤਕ ਕਰ ਦੇਣਾ ਖੱਬੇਪੱਖੀ ਕਾਡਰ ਲਈ ਕੋਈ ਬਹੁਤ ਵੱਡੀ ਗੱਲ ਨਹੀਂ ਰਹੀ। ਪਰੇਸ਼ਾਨੀ ਉਦੋਂ ਪੈਦਾ ਹੋਈ ਜਦੋਂ ਰਾਜ ਅੰਦਰ ਵਿਰੋਧੀ ਪਾਰਟੀ ਕਾਂਗਰਸ ਜਾਂ ਤਾਂ ਕਮਜੋਰ ਹੋ ਗਈ ਜਾਂ ਕੇਂਦਰ ਵਿਚ ਸੱਤਾ ਲਈ ਖੱਬੇ ਪੱਖੀ ਪਾਰਟੀਆਂ ਤੇ ਨਿਰਭਰ ਹੋਣ ਲੱਗੀ। ਇਸ ਤਰ੍ਹਾਂ ਸਥਾਨਕ ਲੋਕ ਪੂਰੀ ਤਰ੍ਹਾਂ ਕਾਮਰੇਡਾਂ ਦੇ ਰਹਿਮੋਕਰਮ ਤੇ ਨਿਰਭਰ ਹੋ ਗਏ। ਲੇਕਿਨ ਹਲਾਤ ਬਦਲੇ ਅਤੇ ਕਾਂਗਰਸ ਪਾਰਟੀ ਦੀ ਹੀ ਇਕ ਵੱਡੀ ਨੇਤਾ ਮਮਤਾ ਬੈਨਰਜੀ ਨੇ ਬੰਗਲਾ ਮਿੱਟੀ-ਮਾਨੁਸ਼ ਦੇ ਨਾਂ ਤੇ ਕਾਂਗਰਸ ਤੋਂ ਵੱਖ ਹੋ ਕੇ ਤ੍ਰਿਣਮੂਲ ਕਾਂਗਰਸ ਦਾ ਗਠਨ ਕਰ ਲਿਆ। ਸ਼ੁਰੂ ਵਿਚ ਇਹ ਪਾਰਟੀ ਐਨਡੀਏ ਦੇ ਨਾਲ ਵੀ ਰਹੀ ਅਤੇ ਅਟਲ ਬਿਹਾਰੀ ਵਾਜਪਈ ਦੀ ਸਰਕਾਰ ਦੋਰਾਨ ਮਮਤਾ ਨੂੰ ਰੇਲ ਮੰਤਰੀ ਵੀ ਬਣਾਇਆ ਗਿਆ ਪਰੰਤੂ ਦੇਸ਼ ਅੰਦਰ ਛਿੜੀ ਸੈਕੂਲਰਵਾਦ ਦੀ ਬਹਿਸ ਕਾਰਨ ਮਮਤਾ ਨੇ ਐਨਡੀਏ ਤੋਂ ਵੱਖ ਰਾਸਤਾ ਫੜ ਲਿਆ। ਉਨ੍ਹਾਂ ਨੇ ਬੰਗਾਲ ਦੀ ਤੰਗਹਾਲੀ, ਬਰਬਾਦੀ, ਹਿੰਸਾ, ਖੱਬੇ ਪੱਖੀ ਪਾਰਟੀਆਂ ਦੀ ਗਰੀਬ,ਕਿਸਾਨ ਅਤੇ ਉਦਯੋਗ ਵਿਰੋਧੀ ਨੀਤੀਆਂ ਦੇ ਖਿਲਾਫ ਮੋਰਚਾ ਲਗਾਇਆ ਅਤੇ 34 ਸਾਲ ਪੁਰਾਣੇ ਖੱਬੇ ਮੋਰਚੇ ਦੀ ਸਰਕਾਰ ਨੂੰ ਤਾਸ਼ ਦੇ ਪੱਤਿਆਂ ਦੀ ਤਰ੍ਹਾਂ ਢੇਰ ਕਰ ਦਿੱਤਾ। ਪਰੰਤੂ ਛੇਤੀ ਹੀ ਮਮਤਾ ਵੀ ਆਪਣੀ ਪਹਿਲੀਆਂ ਸਰਕਾਰਾਂ ਦੀਆਂ ਉਨ੍ਹਾਂ ਨੀਤੀਆਂ ਤੇ ਹੀ ਚਲਦੀ ਨਜਰ ਆਉਣੀ ਸ਼ੁਰੂ ਹੋ ਗਈ ਜਿਹਨਾਂ ਖਿਲਾਫ ਉਨ੍ਹਾਂ ਨੂੰ ਜਨ ਆਦੇਸ਼ ਮਿਲਿਆ ਸੀ।
ਰਾਜ ਅੰਦਰ ਹਿੰਸਾ ਦਾ ਦੌਰ ਜਾਰੀ ਰਿਹਾ, ਫਰਕ ਕੇਵਲ ਇੰਨਾ ਆਇਆ ਕਿ ਅੱਗ ਲਗਾਉਣ ਅਤੇ ਵਿਰੋਧੀਆਂ ਦੀ ਹੱਤਿਆ ਕਰਨ ਵਾਲੇ ਗੁੰਡੇ ਸੀਪੀਆਈਐਮ ਨੂੰ ਛੱਡ ਕੇ ਤ੍ਰਿਣਮੂਲ ਕਾਂਗਰਸ ਵਿਚ ਸ਼ਾਮਿਲ ਹੋ ਗਏ। ਰਾਜ ਅੰਦਰ ਕੋਈ ਵੀ ਨਵਾਂ ਉਦਯੋਗ ਨਹੀਂ ਆਇਆ ਜਿਸ ਕਾਰਨ ਗੁੰਡਾਗਰਦੀ ਇਕ ਵੱਡਾ ਧੰਧਾ ਬਣ ਗਿਆ। ਅੱਜ ਸਰਕਾਰੀ ਸ਼ਹਿ ਤੇ ਗੁੰਡਾ ਅੰਸਰ ਸਰਕਾਰੀ ਅਤੇ ਨਿਜੀ ਸੰਪਤੀਆਂ ਤੇ ਕਬਜੇ ਜਿਹੋ-ਜਿਹੇ ਅਨੇਕਾਂ ਗੈਰ-ਕਾਨੂੰਨੀ ਕੰਮ ਕਰਦੇ ਹਨ ਅਤੇ ਬਦਲੇ ਵਿਚ ਸੱਤਾਧਾਰੀ ਦਲ ਲਈ ਚੁਨਾਵੀ ਹਿੰਸਾ ਕਰਦੇ ਹਨ। ਪੰਚਾਇਤ ਚੋਣਾ ਵਿਚ ਹੋਈ ਹਿੰਸਾ ਪਿੱਛੇ ਬਹੁਤ ਵੱਡਾ ਹੱਥ ਇਨ੍ਹਾਂ ਸੱਤਾਧਾਰੀ ਪੱਖੀ ਗੁੰਡਿਆਂ ਦਾ ਹੀ ਹੈ ਅਤੇ ਇਹ ਹੀ ਕਾਰਨ ਹੈ ਕਿ ਪੁਲਿਸ ਵੀ ਇਨ੍ਹਾਂ ਖਿਲਾਫ ਕੋਈ ਸਖਤ ਕਾਰਵਾਈ ਨਹੀਂ ਕਰ ਸਕੀ। ਸਰਕਾਰੀ ਸੰਪਤੀ, ਗੱਡੀਆਂ ਸਾੜੀਆਂ ਗਈਆਂ, ਲੋਕਾਂ ਨੂੰ ਲੁੱਟਿਆ-ਕੁੱਟਿਆ ਗਿਆ, ਪੋਲਿੰਗ ਬੂਥ ਲੁੱਟ ਲਏ ਗਏ ਪੰਰਤੂ ਪੁਲਿਸ ਖਾਮੋਸ਼ ਹੋ ਕੇ ਸਾਰਾ ਤਮਾਸ਼ਾ ਹੁੰਦੇ ਹੋਏ ਦੇਖਦੀ ਰਹੀ। ਰਾਜ ਅੰਦਰ ਭਾਰਤੀ ਜਨਤਾ ਪਾਰਟੀ ਇਕ ਵੱਡੀ ਤਾਕਤ ਬਨ ਕੇ ਉਭਰ ਰਹੀ ਹੈ, ਇਸ ਗੱਲ ਦੀ ਗਵਾਹ ਇਹ ਪੰਚਾਇਤੀ ਚੋਣਾਂ ਵੀ ਹਨ। ਹੁਨ ਸੱਤਾ ਬਚਾਉਣ ਲਈ ਤ੍ਰਿਣਮੂਲ ਕਾਂਗਰਸ, ਸੱਤਾ ਵਿਚ ਵਾਪਸੀ ਲਈ ਖੱਬੇ ਪੱਖੀ ਪਾਰਟੀਆਂ ਪੂਰਾ ਜੋਰ ਲਗਾ ਰਹੀਆਂ ਹਨ ਅਤੋ ਦੋਨਾਂ ਦਾ ਸੁਭਾਅ ਹਿੰਸਕ ਹੋਣ ਕਾਰਨ ਰਾਜ ਅੰਦਰ ਹਿੰਸਾ ਵਧ ਰਹੀ ਹੈ।
ਚਿੰਤਾ ਦੀ ਗੱਲ ਹੈ ਕਿ ਦੇਸ਼ ਦੇ ਇਕ ਵੱਡੇ ਹਿੱਸੇ ਵਿਚ ਲੋਕਤੰਤਰ ਦੇ ਹੋਏ ਚੀਰਹਰਣ ਉੱਤੇ ਬੁੱਧੀਜੀਵੀ ਚਰਚਾ ਕਰਨ ਤੋਂ ਵੀ ਗੁਰੇਜ ਕਰ ਰਹੇ ਹਨ। ਦੇਸ਼ ਅੰਦਰ ਹੋਣ ਵਾਲੀ ਹਰ ਛੋਟੀ-ਵੱਡੀ ਘਟਨਾ ਤੇ ਸ਼ੋਰ ਸ਼ਰਾਬਾ ਕਰਨ ਵਾਲੇ ਬੁੱਧੀਜੀਵੀ ਬੰਗਾਲ ਦੀ ਰਾਜਨੀਤਿਕ ਹਿੰਸਾ ਤੇ ਮੌਨੀ ਬਾਬਾ ਬਣੇ ਹੋਏ ਜਾਪਦੇ ਹਨ। ਮਮਤਾ ਬੈਨਰਜੀ ਆਪਣੇ ਆਪ ਨੂੰ ਸੈਕੂਲਰ ਨੇਤਾ ਹੋਣ ਦਾ ਦਾਅਵਾ ਕਰਦੀ ਹੈ ਅਤੇ ਸ਼ਾਇਦ ਸਾਡੇ ਬੁੱਧੀਜੀਵੀ ਮੰਨਦੇ ਹਨ ਕਿ ਜਿਸ ਤਰ੍ਹਾਂ ਲਾਲ ਬੱਤੀ ਵਾਲੀ ਗੱਡੀ ਲਈ ਸਾਰੇ ਟ੍ਰੈਫਿਕ ਨਿਯਮ ਤੋੜੇ ਜਾ ਸਕਦੇ ਹਨ ਉਸੇ ਤਰ੍ਹਾਂ ਅਖੌਤੀ ਸੈਕੂਲਰ ਨੇਤਾ ਜਾਂ ਰਾਜਨੀਤਿਕ ਦਲ ਲਈ ਵੀ ਸਾਰੇ ਗੁਨਾਹ ਮਾਫ ਹੈ। ਸੱਚਾਈ ਇਹ ਹੈ ਕਿ ਜੇਕਰ ਮਮਤਾ ਬੈਨਰਜੀ ਦੀਆਂ ਮਨਮਾਨੀਆਂ ਨੂੰ ਨੱਥ ਨਾ ਪਾਈ ਗਈ ਤਾਂ ਭਵਿੱਖ ਵਿਚ ਲੋਕਤੰਤਰ ਨੂੰ ਕਿਸੇ ਨਵੇਂ ਖਤਰੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜੇਕਰ ਇਹ ਹੁੰਦਾ ਹੈ ਤਾਂ ਸਾਡੀ ਆਉਣ ਵਾਲੀ ਨਸਲ ਸਾਨੂੰ ਕਦੇ ਮਾਫ ਨਹੀਂ ਕਰੇਗੀ। ਸਾਨੂੰ ਰਾਸ਼ਟਰ ਕਵਿ ਰਾਮਧਾਰੀ ਸਿੰਘ ਦਿਨਕਰ ਦੀਆਂ ਇਨ੍ਹਾਂ ਪੰਕਤੀਆਂ ਨੂੰ ਨਹੀਂ ਭੁਲਨਾ ਚਾਹੀਦਾ ਕਿ -
ਸਮਰ ਸ਼ੇਸ਼ ਹੈ, ਨਹੀਂ ਪਾਪ ਕਾ ਭਾਗੀ ਕੇਵਲ ਵਿਆਘ੍ਰ,
ਜੋ ਤਟਸਥ ਹੈ, ਸਮਯ ਲਿਖੇਗਾ ਉਨਕਾ ਭੀ ਅਪਰਾਧ।
ਰਾਕੇਸ਼ ਸੈਨ
32 ਖੰਡਾਲਾ ਫਾਰਮਿੰਗ ਕਲੋਨੀ,
ਵੀਪੀਓ ਰੰਧਾਵਾ ਮਸੰਦਾ,
ਜਲੰਧਰ।
ਮੋ. 097797-14324
No comments:
Post a Comment