ਪਿਛਲੇ ਦਿਨੀਂ 22-23 ਮਈ ਨੂੰ ਤਮਿਲਨਾਡੂ ਦੇ ਤੂਤੀਕੋਰਨ 'ਚ ਵੇਦਾਂਤਾ ਗਰੁਪ ਦੇ ਸਟਰਲਾਈਟ ਤਾਂਬਾ ਪਲਾਂਟ ਨੂੰ ਲੈ ਕੇ ਹੋਈ ਹਿੰਸਾ ਵਿਚ 13 ਬੇਕਸੂਰ ਲੋਕਾਂ ਦੀ ਮੌਤ ਹੋ ਗਈ। ਇਸ ਪਲਾਂਟ ਨਾਲ ਹੋਨ ਵਾਲੇ ਪ੍ਰਦੂਸ਼ਣ ਨੂੰ ਲੈ ਕੇ ਕੁਝ ਲੋਕ ਅੰਦੋਲਨ ਕਰ ਰਹੇ ਸਨ। ਘਟਨਾ ਦੇ ਤੁਰੰਤ ਬਾਦ ਇਸ ਨੂੰ ਜਲ੍ਹਿਆਂਵਾਲਾ ਬਾਗ, ਸਰਕਾਰੀ ਅੱਤਵਾਦ, ਪੂੰਜੀਵਾਦ ਦੇ ਸ਼ੋਸ਼ਨ ਨਾਲ ਜੋੜਿਆ ਗਿਆ ਪਰੰਤੂ ਹੁਨ ਇਸ ਨਾਲ ਜੁੜੀਆਂ ਜੋ ਖਬਰਾਂ ਸੁਨਣ ਨੂੰ ਮਿਲ ਰਹੀਆਂ ਹਨ ਉਸ ਨਾਲ ਸਾਰਾ ਮਾਮਲਾ ਕੁਝ ਹੋਰ ਰੂਪ ਲੈਂਦਾ ਦਿਸ ਰਿਹਾ ਹੈ। ਜਿਸ ਤਰ੍ਹਾਂ ਕੁਝ ਐਨਜੀਓ ਅਤੇ ਪਰਿਆਵਰਣ ਵਾਦੀ ਸੰਸਥਾਵਾਂ ਸਾਲ 2012-13 ਦੌਰਾਨ ਅਮਰੀਕਾ ਦੀ ਸ਼ਹਿ ਤੇ ਕੁਡਨਕੁਲਮ ਵਿਚ ਰੂਸ ਵੱਲੋਂ ਲਗਾਏ ਜਾ ਰਹੇ ਪਰਮਾਣੂ ਪਲਾਂਟ ਦਾ ਵਿਰੋਧ ਕਰ ਰਹੀਆਂ ਸਨ, ਤੂਤੀਕੋਰਨ ਦਾ ਮਾਮਲਾ ਵੀ ਉਸ ਨਾਲ ਮਿਲਦਾ-ਜੁਲਦਾ ਜਾਪ ਰਿਹਾ ਹੈ। ਕੁਡਨਕੁਲਮ ਪਰਮਾਣੂ ਪਲਾਂਟ ਦੇ ਵਿਰੋਧ ਪਿੱਛੇ ਵਿਦੇਸ਼ੀ ਹੱਥ ਹੋਣ ਦਾ ਇੰਕਸ਼ਾਫ ਉਸ ਵੇਲੇ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕੀਤਾ ਸੀ। ਤੂਤੀਕੋਰਨ ਦੇ ਤਾਂਬਾ ਪਲਾਂਟ ਦੇ ਵਿਰੋਧ ਪਿੱਛੇ ਵੀ ਚਰਚ, ਅੱਤਵਾਦੀ ਸੰਗਠਨ ਲਿੱਟੇ ਅਤੇ ਨਕਸਲਵਾਦੀ ਸੰਗਠਨਾਂ ਦਾ ਹੱਥ ਹੋਣ ਦੇ ਸਬੂਤ ਮਿਲੇ ਹਨ। ਇਹ ਪਲਾਂਟ ਦੇਸ਼ ਦੇ ਤਾਂਬਾ ਉਦਯੋਗ ਦੀ ਰੀੜ੍ਹ ਹੈ, ਜਿਸ ਉੱਤੇ ਦੇਸ਼ ਦੇ ਛੋਟੇ-ਵੱਡੇ ਉਦਯੋਗ, ਹਜਾਰਾਂ ਲੋਕਾਂ ਦਾ ਰੁਜਗਾਰ ਅਤੇ ਭਾਰਤ ਦਾ ਨਿਰਯਾਤ ਨਿਰਭਰ ਕਰਦਾ ਹੈ। ਹਰ ਤਰ੍ਹਾਂ ਦੀਆਂ ਮੁਸ਼ਕਲਾਂ ਝੱਲਨ ਤੋਂ ਬਾਦ ਭਾਰਤ ਦੁਨੀਆ ਦੀ ਆਰਥਿਕ ਤਾਕਤ ਬਨਣ ਵੱਲ ਵਧ ਰਿਹਾ ਹੈ, ਇਸ ਖਦਸ਼ੇ ਤੋਂ ਇੰਕਾਰ ਨਹੀਂ ਕੀਤਾ ਜਾ ਸਕਦਾ ਕਿ ਉਕਤ ਤਾਂਬਾ ਪਲਾਂਟ ਦਾ ਵਿਰੋਧ ਵੀ ਕੁਝ ਇਸ ਤਰ੍ਹਾਂ ਦੀਆਂ ਤਾਕਤਾਂ ਦੀ ਸਾਜਿਸ਼ ਹੋ ਸਕਦੀ ਹੈ ਜਿਸਦੀ ਅੱਖਾਂ ਵਿਚ ਦੇਸ਼ ਦੀ ਤਰੱਕੀ ਰੋੜੇ ਵਾਂਗ ਰੜਕਦੀ ਹੈ।
ਆਰਥਿਕ ਮਾਹਿਰਾਂ ਵੱਲੋਂ ਦੱਸਿਆ ਗਿਆ ਹੈ ਕਿ ਤੂਤੀਕੋਰਨ ਕਾਪਰ ਪਲਾਂਟ ਦੀ ਬੰਦੀ ਦਾ ਅਸਰ ਦੇਸ਼ ਦੀਆਂ 800 ਛੋਟੀਆਂ ਅਤੇ ਮੱਧਮ ਵਰਗ ਦੀਆਂ ਉਦਯੋਗਿਕ ਇਕਾਈਆਂ ਤੇ ਪਵੇਗਾ। ਦੇਸ਼ ਦੇ ਕੁੱਲ ਕਾਪਰ ਉਤਪਾਦਨ ਵਿਚ ਇਸ ਪਲਾਂਟ ਦਾ ਹਿੱਸਾ 40 ਪ੍ਰਤੀਸ਼ਤ ਹੈ। ਇਸ ਨਾਲ ਕੇਬਲ ਤਾਰਾਂ ਬਨਾਉਣ ਵਾਲੇ, ਤਾਰ, ਅਤੇ ਟਰਾਂਸਫਾਰਮਰ ਬਨਾਉਣ ਵਾਲੇ ਉਦਯੋਗਾਂ ਤੇ ਮਾੜਾ ਅਸਰ ਪਵੇਗਾ। ਭਾਰਤ ਦਾ ਤਾਂਬਾ ਉਦਯੋਗ ਹਰ ਸਾਲ 10 ਲੱਖ ਟਨ ਸ਼ੋਧਿਆ ਹੋਇਆ ਤਾਂਬਾ ਨਿਰਯਾਤ ਕਰਦਾ ਹੈ ਅਤੇ ਮੁੱਖ ਤੌਰ ਤੇ ਇਹ ਚੀਨ ਨੂੰ ਭੇਜਿਆ ਜਾਂਦਾ ਹੈ। ਇਸ ਪਲਾਂਟ ਦੇ ਬੰਦ ਹੋਨ ਨਾਲ 50 ਹਜਾਰ ਸਿੱਧੇ ਅਤੇ ਇਸਤੋਂ ਪੰਜ ਗੁਣਾ ਜਿਆਦਾ ਅਸਿੱਧੇ ਰੁਜਗਾਰ ਦੇ ਮੌਕਿਆਂ ਤੇ ਅਸਰ ਪਵੇਗਾ। ਤੂਤੀਕੋਰਨ ਦੇ ਜਿਸ ਪਲਾਂਟ ਦਾ ਵਿਰੋਧ ਕੀਤਾ ਜਾ ਰਿਹਾ ਹੈ ਉੱਥੇ ਹਰ ਸਾਲ 4 ਲੱਖ ਟਨ ਕਾਪਰ ਕੈਥੋਡ ਬਣਦਾ ਹੈ ਅਤੇ ਇਸਦੀ ਸਮਰਥਾ ਵਧਾ ਕੇ 8 ਲੱਖ ਕਰਨ ਦੀ ਯੋਜਨਾ ਤੇ ਕੰਮ ਚਲ ਰਿਹਾ ਸੀ। ਫਿਲਹਾਲ ਇਹ ਪਲਾਂਟ 27 ਮਾਰਚ ਤੋਂ ਬੰਦ ਹੈ। ਇਸ ਪਲਾਂਟ ਖਿਲਾਫ ਲੋਕਾਂ ਦੀ ਨਰਾਜਗੀ ਦੀ ਵਜ੍ਹਾ ਇਸ ਵੱਲੋਂ ਫੈਲਾਇਆ ਜਾ ਰਿਹਾ ਪ੍ਰਦੂਸ਼ਣ ਦੱਸਿਆ ਜਾ ਰਿਹਾ ਹੈ। ਇਸ ਕਾਰਨ ਹੀ ਤਮਿਲਨਾਡੂ ਪ੍ਰਦੂਸ਼ਣ ਬੋਰਡ ਨੇ ਅਪ੍ਰੈਲ ਮਹੀਨੇ ਵਿਚ ਇਸਦੀ ਯੂਨਿਟ ਨੂੰ ਲਾਇਸੇਂਸ ਦੇਣ ਤੋਂ ਇੰਕਾਰ ਕਰ ਦਿੱਤਾ। ਬੋਰਡ ਦੇ ਇਸ ਫੈਸਲੇ ਨੂੰ ਕੰਪਨੀ ਨੇ ਚੁਣੌਤੀ ਦਿੱਤੀ ਹੋਈ ਹੈ। ਕੰਪਨੀ ਦੇ ਸੀਈਓ ਪੀ. ਰਾਮਨਾਥ ਦਾ ਕਹਿਨਾ ਹੈ ਕਿ ਪਲਾਂਟ ਅੰਦਰ ਪਰਿਆਵਰਣ ਇੰਜੀਨੀਅਰ ਖੋਜ ਸੰਸਥਾਨ ਅਤੇ ਸੁਪ੍ਰੀਮ ਕੋਰਟ ਦੇ ਸਾਰੇ ਨਿਰਦੇਸ਼ਾਂ ਦਾ ਪਾਲਨ ਕੀਤਾ ਜਾ ਰਿਹਾ ਹੈ। ਕੰਪਨੀ ਦਾ ਕਹਿਨਾ ਹੈ ਕਿ ਵਿਰੋਧ ਕਰਨ ਵਾਲੇ ਲੋਕਾਂ ਨੂੰ ਪਲਾਂਟ ਅੰਦਰ ਆ ਕੇ ਦੇਖਨਾ ਚਾਹੀਦਾ ਹੈ ਅਤੇ ਅਫਵਾਹਾਂ ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ।
ਪਲਾਂਟ ਦਾ ਵਿਰੋਧ ਕਰ ਰਹੇ ਲੋਕਾਂ ਤੇ ਨਜਰ ਦੌੜਾਈ ਜਾਵੇ ਤਾਂ ਸਾਰਾ ਮਾਮਲਾ ਆਪਣੇ ਆਪ ਸਾਫ ਹੋ ਜਾਂਦਾ ਹੈ। ਇਸਦੇ ਖਿਲਾਫ ਸ਼ਿਕਾਇਤ ਦਰਜ ਕਰਵਾਉਣ ਵਾਲੀ ਫਾਤਿਮਾ ਬਾਬੂ ਅਧਿਆਪਕਾ ਹੈ ਜਿਨ੍ਹਾਂ ਨੇ ਇਕ ਵਿਦਿਆਰਥੀ ਅੰਦੋਲਨ ਦਾ ਸੰਚਾਲਨ ਕੀਤਾ ਅਤੇ ਉਸ ਅੰਦੋਲਨ ਦਾ ਇਸਤੇਮਾਲ ਪਲਾਂਟ ਖਿਲਾਫ ਵੀ ਕੀਤਾ ਜਾ ਰਿਹਾ ਹੈ। ਫਾਤਿਮਾ ਬਾਬੂ ਆਪਣੇ ਦਬਦਬੇ ਦੀ ਵਰਤੋਂ ਕਰਵਾ ਕੇ ਬਹੁਤ ਸਾਰੇ ਲੋਕਾਂ ਨੂੰ ਪਲਾਂਟ ਅੰਦਰ ਚੰਗੀ ਥਾਵਾਂ ਤੇ ਨੌਕਰੀ ਲਗਵਾ ਚੁਕੀ ਹੈ। ਰੋਚਕ ਗੱਲ ਇਹ ਹੈ ਕਿ ਇਹ ਲੋਕ ਰਾਤ ਨੂੰ ਤਾਂ ਪਲਾਂਟ ਅੰਦਰ ਡਿਊਟੀ ਕਰਦੇ ਅਤੇ ਦਿਨ ਵੇਲੇ ਇਸਦੇ ਖਿਲਾਫ ਧਰਨਾ ਦਿੰਦੇ ਰਹੇ ਹਨ। ਫਾਤਿਮਾ ਬਾਬੂ ਨੂੰ ਚਰਚ ਅਤੇ ਨਕਸਲੀਆਂ ਵਿਚਕਾਰ ਸੰਪਰਕ ਦੇ ਰੂਪ ਵਿਚ ਜਾਣਿਆ ਜਾਂਦਾ ਹੈ। ਅੰਦੋਲਨ ਦੇ ਦੂਸਰੇ ਨੇਤਾ ਹਨ ਇਸਾਈ ਮਿਸ਼ਨਰੀ ਮੋਹਨ ਸੀ. ਲਾਜਰਸ, ਜੋ ਟੀਵੀ ਚੈਨਲਾਂ ਤੇ ਇਸਾਈਅਤ ਦਾ ਪ੍ਰਚਾਰ ਕਰਦੇ ਨਜਰ ਆਉਂਦੇ ਹਨ। ਸਥਾਨਕ ਮਛੁਆਰਿਆਂ ਵਿਚ ਇਨ੍ਹਾਂ ਦਾ ਬਹੁਤ ਵੱਡਾ ਦਬਦਬਾ ਹੈ,ਜਿਸਦੇ ਜੋਰ ਤੇ ਇਹ ਆਪਣੀ ਰਾਜਨੀਤੀ ਕਰਦੇ ਹਨ। ਪਲਾਂਟ ਖਿਲਾਫ ਵਿਖਾਵਾਕਾਰੀਆਂ ਨੂੰ ਧਰਨੇ ਵਾਲੀ ਥਾਂ ਤੇ ਲਿਆਉਣਾ ਅਤੇ ਵਾਪਸ ਘਰ ਤਕ ਪਹੁੰਚਾਉਣ ਦਾ ਕੰਮ ਇਨ੍ਹਾਂ ਦੀ ਰਹਿਨੁਮਾਈ ਵਿਚ ਚਰਚ ਵੱਲੋਂ ਕੀਤਾ ਜਾਂਦਾ ਰਿਹਾ ਹੈ। ਵੱਖਰੇ ਤਾਮਿਲ ਦੇਸ਼ ਦੀ ਮੰਗ ਕਰਨ ਵਾਲਾ ਤਿਰੁਮੁਗੁਣ ਗਾਂਧੀ ਇਸ ਅੰਦੋਲਨ ਦੇ ਤੀਸਰੇ ਵੱਡੇ ਨੇਤਾ ਹਨ। ਇਹ ਜਦੋਂ ਪਹਿਲੇ ਦਿਨ ਧਰਨੇ ਵਾਲੀ ਥਾਂ ਕੁਮਾਰਪੱਟਿਆਪੁਰਮ ਪਿੰਡ ਵਿਚ ਪਹੁੰਚੇ ਵਿਖਾਵਾਕਾਰੀਆਂ ਨੇ ਅੱਤਵਾਦੀ ਸੰਗਠਨ ਲਿਬ੍ਰੇਸ਼ਨ ਟਾਈਗਰਜ਼ ਆਫ ਤਾਮਿਲ ਇਲਮ (ਲਿੱਟੇ) ਦੇ ਸਰਗਨਾ ਪ੍ਰਭਾਕਰਨ ਦੇ ਚਿੱਤਰ ਅਤੇ ਝੰਡਿਆਂ ਨਾਲ ਇਨ੍ਹਾਂ ਦਾ ਸਵਾਗਤ ਕੀਤਾ। ਇਨ੍ਹਾਂ ਸਾਰਿਆਂ ਨੂੰ ਸਮਰਥਨ ਮਿਲ ਰਿਹਾ ਹੈ ਖੱਬੇਪੱਖੀ ਅਤੇ ਕਾਂਗਰੇਸ ਪਾਰਟੀ ਦੇ ਨੇਤਾਵਾਂ ਦਾ ਜਿਨ੍ਹਾਂ ਨੂੰ ਰਾਤ ਦਿਨ ਦੇਸ਼ ਦੇ ਨੌਜਵਾਨਾਂ ਦੇ ਰੁਜਗਾਰ ਅਤੇ ਦੇਸ਼ ਦੇ ਵਿਕਾਸ ਦੀ ਚਿੰਤਾ ਖਾਈ ਜਾਂਦੀ ਹੈ ਅਤੇ ਇਹ ਨੇਤਾ ਰੁਜਗਾਰ ਦੇ ਮੁੱਦੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ਾਂ ਵਿਚ ਲੱਗੇ ਰਹਿੰਦੇ ਹਨ।
ਇਸ ਪਲਾਂਟ ਦੇ ਖਿਲਾਫ ਸਾਜਿਸ਼ ਦਾ ਇਹ ਕੋਈ ਪਹਿਲਾ ਮੋਕਾ ਨਹੀਂ ਹੈ। 1993 ਵਿਚ ਸਾਬਕਾ ਮੁੱਖ ਮੰਤਰੀ ਜੈਲਲਿਤਾ ਨੇ ਜਦੋਂ ਇਸਦੀ ਸਥਾਪਨਾ ਕਰਵਾਈ ਤਾਂ ਉਸ ਵੇਲੇ ਹੀ ਇਸਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਸੀ। ਖੇਤਰਵਾਦ ਤੋਂ ਪੀੜਿਤ ਰਾਜਨੀਤਿਕ ਦਲਾਂ ਨੇ ਇਸ ਪਲਾਂਟ ਨੂੰ ਉੱਤਰ ਭਾਰਤ ਦਾ ਪਲਾਂਟ ਆਖ ਕੇ ਇਹ ਦੁਸ਼ਪ੍ਰਚਾਰ ਕੀਤਾ ਕਿ ਇਸਦਾ ਫਾਇਦਾ ਉੱਤਰ ਭਾਰਤੀਆਂ ਨੂੰ ਹੋਵੇਗਾ ਅਤੇ ਨੁਕਸਾਨ ਉਨ੍ਹਾਂ ਨੂੰ ਭੁਗਤਨਾ ਪਵੇਗਾ। ਸਵਾਲ ਪੈਦਾ ਹੁੰਦਾ ਹੈ ਕਿ ਜਦੋਂ ਸਾਰਾ ਮਾਮਲਾ ਨਿਆ ਪਾਲਿਕਾ ਦੇ ਵਿਚਾਰ ਅਧੀਨ ਸੀ ਤਾਂ ਇਸਨੂੰ ਲੈ ਕੇ ਧਰਨਾ ਲਾਉਣ ਅਤੇ ਹਿੰਸਾ ਫੈਲਾਉਣ ਦੀ ਮਜਬੂਰੀ ਕਿਸਦੀ ਸੀ ? ਤਮਿਲਨਾਡੂ ਦੇ ਮੁੱਖ ਮੰਤਰੀ ਈ.ਕੇ. ਪਲਾਨੀਸਵਾਮੀ ਸਾਫ ਕਰ ਚੁੱਕੇ ਹਨ ਕਿ ਰਾਜ ਦੀ ਪੁਲਿਸ ਨੇ ਆਤਮ ਰੱਖਿਆ ਲਈ ਗੋਲੀਆਂ ਚਲਾਈਆਂ ਜਿਸ ਵਿਚ 13 ਲੋਕ ਮਾਰੇ ਗਏ ਤਾਂ ਉਹ ਕਿਹੜੀ ਤਾਕਤ ਸੀ ਜੋ ਅੰਦੋਲਨਕਾਰਾਂ ਨੂੰ ਹਿੰਸਾ ਲਈ ਉਕਸਾ ਰਹੀ ਸੀ ? ਇਸ ਪਲਾਂਟ ਦੇ ਬੰਦ ਹੋਨ ਨਾਲ ਜਿੱਥੇ ਦੇਸ਼ ਦੇ ਤਾਂਬਾ ਉਦਯੋਗ ਤੇ ਸੱਟ ਵੱਜੀ ਹੈ ਉੱਥੇ ਹਜਾਰਾਂ ਨੌਕਰੀਆਂ ਅਤੇ ਰੁਜਗਾਰ ਦੇ ਮੌਕਿਆਂ ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ। ਇਹ ਅੰਦਾਜਾ ਲਗਾਉਣਾ ਬਹੁਤਾ ਅੋਖਾ ਨਹੀਂ ਕਿ ਇਸਦਾ ਫਾਇਦਾ ਕਿਹੜੀਆਂ ਤਾਕਤਾਂ ਨੂੰ ਹੋਣ ਵਾਲਾ ਹੈ। ਦੇਸ਼ ਨੂੰ ਸਾਵਧਾਨ ਰਹਿਨਾ ਹੋਵੇਗਾ ਕਿਉਂਕਿ ਉਸਦੇ ਵਧ ਰਹੇ ਕਦਮਾਂ ਨੂੰ ਰੋਕਨ ਲਈ ਇਸ ਤਰ੍ਹਾਂ ਦੀ ਹੋਰ ਵੀ ਕਈ ਵੱਡੀਆਂ ਅੰਤਰਰਾਸ਼ਟਰੀ ਸਾਜਿਸ਼ਾ ਸਾਹਮਣੇ ਆ ਸਕਦੀਆਂ ਹਨ।
- ਰਾਕੇਸ਼ ਸੈਨ
32, ਖੰਡਾਲਾ ਫਾਰਮਿੰਗ ਕਲੋਨੀ,
ਵੀਪੀਓ ਰੰਧਾਵਾ ਮਸੰਦਾ,
ਜਲੰਧਰ।
ਮੋ. 097797-14324
No comments:
Post a Comment