ਟੀਬੀ ਦੇ ਰੋਗੀ ਪਾਕਿਸਤਾਨ ਦੇ ਸੰਸਥਾਪਕ ਮੁਹੰਮਦ ਅਲੀ ਜਿੰਨ੍ਹਾ ਤੋਂ ਜਦੋਂ ਉੱਥੇ ਦੇ ਪ੍ਰਧਾਨ ਮੰਤਰੀ ਲਿਆਕਤ ਅਲੀ ਖਾਨ ਮਿਲਣ ਗਏ ਤਾਂ ਉਨ੍ਹਾਂ ਦੇ ਜਾਣ ਤੋਂ ਬਾਦ ਜਿੰਨ੍ਹਾ ਨੇ ਆਪਣੀ ਭੈਣ ਫਾਤੀਮਾ ਤੋਂ ਪੁੱਛਿਆ- ਜਾਣਦੀ ਹੋ ਫਾਤੀਮਾ, ਵਜ਼ੀਰ-ਏ-ਆਜ਼ਮ ਸਾਹਿਬ ਕੀ ਦੇਖਣ ਆਏ ਸਨ? ਇਸ ਸਵਾਲ ਤੋਂ ਫਾਤਿਮਾ ਪਸ਼ੋਪੇਸ਼ 'ਚ ਪੈ ਗਈ ਤਾਂ ਜਿੰਨ੍ਹਾ ਨੇ ਖੁਦ ਜਵਾਬ ਦਿੱਤਾ ਕਿ ਉਹ ਦੇਖਣ ਆਏ ਸਨ ਕਿ ਮੈਂ ਮਰ ਗਿਆ ਹਾਂ ਕਿ ਨਹੀਂ। ਕਹਿਣ ਨੂੰ ਤਾਂ ਇਸ ਘਟਨਾ ਦੇ ਕੁਝ ਦਿਨਾਂ ਬਾਦ ਹੀ 11 ਸਤੰਬਰ, 1948 'ਚ ਪਾਕਿਸਤਾਨ ਦੇ ਕਾਇਦੇ ਆਜ਼ਮ ਦੀ ਮੌਤ ਹੋ ਗਈ ਪਰੰਤੂ ਭਾਰਤ ਅੰਦਰ ਕਦੇ-ਕਦੇ ਉਸਦੀ ਰੂਹ ਕਬਰ ਤੋਂ ਬਾਹਰ ਵੀ ਦਿਖਾਈ ਦੇ ਜਾਂਦੀ ਹੈ। ਅੱਜਕਲ ਅਲੀਗੜ੍ਹ ਮੁਸਲਿਮ ਯੂਨੀਵਰਸਟੀ 'ਚ ਜਿੰਨ੍ਹਾਂ ਨੂੰ ਲੈ ਕੇ ਮਾਰਾਮਾਰੀ ਚਲ ਰਹੀ ਹੈ। ਯੂਨੀਵਰਸਟੀ ਦੀ ਛਾਤਰ ਸੰਘ ਦੇ ਦਫਤਰ ਵਿਚ ਜਿੰਨ੍ਹਾਂ ਦੀ ਲੱਗੀ ਫੋਟੋ ਨੂੰ ਲੈ ਕੇ ਵਿਵਾਦ ਕਾਫੀ ਭੱਖ ਗਿਆ ਜਾਪਦਾ ਹੈ। ਇਸਨੂੰ ਲੈ ਕੇ ਯੂਨੀਵਰਸਟੀ ਵਿਚ ਧਰਨਾ ਪ੍ਰਦਸ਼ਰਸ਼ਨ ਦੇ ਨਾਲ-ਨਾਲ ਲਾਠੀਚਾਰਜ ਵੀ ਹੋ ਚੁਕਿਆ ਹੈ। ਦੁੱਖ ਦੀ ਗੱਲ ਇਹ ਹੈ ਕਿ ਜਿੰਨ੍ਹਾ ਵਰਗੇ ਵੱਖਵਾਦੀ ਨੇਤਾ ਨੂੰ ਲੈ ਕੇ ਵੀ ਦੇਸ਼ ਵਿਚ ਦੋ ਵਿਚਾਰ ਸੁਨਣ ਨੂੰ ਮਿਲ ਰਹੇ ਹਨ, ਇਕ ਪੱਖ ਵਿਚ ਅਤੇ ਦੂਸਰਾ ਵਿਰੋਧੀ। ਪਤਾ ਨਹੀਂ ਲੱਗ ਰਿਹਾ ਕਿ ਜਿੰਨ੍ਹਾ, ਜਿੰਨ ਹਨ ਕਿ ਸਾਡੇ ਜੀਨ ਵਿਚ ਹਨ ਜੋ ਇਕ ਗੌਰਵਸ਼ਾਲੀ ਦੇਸ਼ ਦੀ ਵੰਡ ਕਰਨ ਅਤੇ ਲੱਖਾਂ ਲਾਸ਼ਾਂ ਵਿਛਾਉਣ ਦੇ ਬਾਦ ਵੀ ਸਾਡਾ ਪਿੱਛਾ ਨਹੀਂ ਛੱਡ ਰਹੇ।
ਜਿੰਨ੍ਹਾ ਨੂੰ ਲੈ ਕੇ ਤਾਜ਼ਾ ਵਿਵਾਦ ਉਦੋਂ ਪੈਦਾ ਹੋਇਆ ਜਦੋਂ ਅਲੀਗੜ੍ਹ ਦੇ ਸਾਂਸਦ ਸਤੀਸ਼ ਗੌਤਮ ਨੇ ਯੂਨੀਵਰਸਟੀ ਦੇ ਕੁਲਪਤੀ ਤਾਰਿਕ ਮੰਸੂਰ ਨੂੰ ਪੱਤਰ ਲਿੱਖ ਕੇ ਯੂਨੀਵਰਸਟੀ ਵਿਚ ਜਿੰਨ੍ਹਾ ਦੀ ਫੋਟੋ ਲੱਗੇ ਹੋਣ ਤੇ ਸਪਸ਼ਟੀਕਰਣ ਮੰਗਿਆ। ਉਨ੍ਹਾਂ ਸੁਝਾਅ ਦਿੱਤਾ ਕਿ ਜੇਕਰ ਯੂਨੀਵਰਸਟੀ ਕਿਸੇ ਦੀ ਫੋਟੋ ਲਗਾਉਣਾ ਚਾਹੁੰਦੀ ਹੈ ਤਾਂ ਰਾਜਾ ਮਹੇਂਦਰ ਪ੍ਰਤਾਪ ਸਿੰਘ ਜਿਹੋ-ਜਿਹੇ ਮਹਾਪੁਰਸ਼ਾਂ ਦੀ ਲਗਾਉਣੀ ਚਾਹੀਦੀ ਹੈ ਜਿਨ੍ਹਾਂ ਨੇ ਯੂਨੀਵਰਸਟੀ ਲਈ ਜਮੀਨ ਦਾਨ ਦਿੱਤੀ ਸੀ। ਇਸ ਪੱਤਰ ਦੇ ਜਵਾਬ ਵਿਚ ਯੂਨੀਵਰਸਟੀ ਦੇ ਜਨਸੰਪਰਕ ਅਧਿਕਾਰੀ ਸੈਫੀ ਕਿੱਦਵਈ ਨੇ ਲਿਖਿਆ ਕਿ ਜਿੰਨ੍ਹਾ ਸਾਲ 1938 ਅੰਦਰ ਯੂਨੀਵਰਸਟੀ ਆਏ ਸਨ ਅਤੇ ਛਾਤਰ ਸੰਘ ਨੇ ਉਨ੍ਹਾਂ ਨੂੰ ਮਾਨਦ ਉਪਾਧੀ ਦਿੱਤੀ ਸੀ। ਛਾਤਰ ਸੰਘ ਨੇ ਸਾਲ 1920 ਤੋਂ ਲਾਈਫ ਮੈਂਬਰਸ਼ਿਪ ਦੇਣੀ ਸ਼ੁਰੂ ਕੀਤੀ ਸੀ ਜਿਸ ਵਿਚ ਮਹਾਤਮਾ ਗਾਂਧੀ ਅਤੇ ਜਿੰਨ੍ਹਾਂ ਨੂੰ ਵੀ ਮੈਂਬਰਸ਼ਿਪ ਦਿੱਤੀ ਗਈ। ਜਿੰਨ੍ਹਾ ਦੀ 1938 ਵਿਚ ਤਸਵੀਰ ਲਗਾਈ ਗਈ ਜੋ ਅਜੇ ਤਕ ਉੱਥੇ ਲੱਗੀ ਹੋਈ ਹੈ। ਉਨ੍ਹਾਂ ਦੱਸਿਆ ਕਿ ਦੇਸ਼ ਦੀ ਵੰਡ ਤੋਂ ਪਹਿਲਾਂ ਇਸ ਤਸਵੀਰ ਲਗਾਈ ਗਈ ਸੀ ਅਤੇ ਯੂਨੀਰਵਸਟੀ ਅੰਦਰ ਜਿੰਨ੍ਹਾ ਨਾਲ ਸੰਬੰਧਤ ਕੋਈ ਵੀ ਪਾਠਕ੍ਰਮ ਨਹੀਂ ਪੜ੍ਹਾਇਆ ਜਾਂਦਾ ਅਤੇ ਨਾ ਹੀ ਕੋਈ ਕਾਰਜਕ੍ਰਮ ਕੀਤਾ ਜਾਂਦਾ ਹੈ। ਉਨ੍ਹਾਂ ਸਾਂਸਦ ਤੋਂ ਹੀ ਸਵਾਲ ਵੀ ਕੀਤਾ ਕਿ ਅਜੇ ਤਕ ਦੇਸ਼ ਦੀ ਸੰਸਦ ਵਿਚੋਂ ਜਿੰਨ੍ਹਾ ਦੀ ਤਸਵੀਰ ਕਿਉਂ ਨਹੀਂ ਹਟਾਈ ਗਈ? ਦੂਸਰੇ ਪਾਸੇ ਛਾਤਰ ਸੰਘ ਦੇ ਪ੍ਰਧਾਨ ਮਸ਼ਕੂਰ ਅਹਿਮਦ ਦੇ ਨਾਲ-ਨਾਲ ਕਈ ਲੋਕਾਂ ਨੇ ਜਿੰਨ੍ਹਾ ਨੂੰ ਅਣਵੰਡੇ ਭਾਰਤ ਦਾ ਨਾਇਕ ਦੱਸਿਆ ਹੈ।
ਇਹ ਸਾਡੀ ਲਾਪਰਵਾਹੀ ਹੈ ਜਾਂ ਕਹਿ ਲਵੋ ਕਿ ਕੁਝ ਲੋਕਾਂ ਦਾ ਵੱਖਵਾਦ ਦੇ ਨਾਲ ਲਗਾਅ ਕਿ ਦੇਸ਼ ਦੇ ਖਲਨਾਇਕ ਕਹੇ ਜਾਂਦੇ ਜਿੰਨ੍ਹਾ ਦੀ ਫੋਟੋਆਂ ਅੱਜ ਵੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਲੱਗੀਆਂ ਹੋਈਆਂ ਹਨ। ਸਾਲ 1918 ਤੋਂ ਮੁੰਬਈ ਇੰਡੀਅਨ ਨੈਸ਼ਨਲ ਕਾਂਗਰਸ ਦੇ ਦਫਤਰ ਵਿਚ ਜਿੰਨ੍ਹਾ ਦੀ ਫੋਟੋ ਲੱਗੀ ਹੋਈ ਹੈ ਅਤੇ ਮੁੰਬਈ ਵਿਚ ਜਿੰਨ੍ਹਾ ਹਾਊਸ ਵੀ ਹੈ। 'ਜਿੰਨ੍ਹਾ ਆਫ ਪਾਕਿਸਤਾਨ' ਪੁਸਤਕ ਦੇ ਲੇਖਕ ਸਟੈਨਲੇ ਵਾਲਪਰਟ ਲਿਖਦੇ ਹਨ-ਜਦੋਂ ਪਹਿਲਾ ਵਿਸ਼ਵ ਯੁੱਧ ਖਤਮ ਹੋਇਆ ਤਾਂ ਬੰਬਈ (ਮੌਜੂਦਾ ਮੁੰਬਈ) ਦੇ ਰਾਜਪਾਲ ਨੂੰ ਕਾਰਜਕਾਲ ਪੂਰਾ ਹੋਨ ਤੇ ਵਿਦਾਈ ਪਾਰਟੀ ਦਿੱਤੀ ਜਾ ਰਹੀ ਸੀ। ਉਦੋਂ ਜਿੰਨ੍ਹਾ ਨੇ ਇਸਦਾ ਵਿਰੋਧ ਕੀਤਾ ਅਤੇ ਇਸ ਲਈ ਸਭਾ ਕੀਤੀ। ਇਸ ਮੌਕੇ ਤੇ ਹਿੰਦੂ-ਮੁਸਲਮਾਨ ਇਕੱਠੇ ਹੋਏ ਅਤੇ ਜਿੰਨ੍ਹਾ ਲਈ 6500 ਰੂਪਏ ਦਾ ਚੰਦਾ ਇਕੱਠਾ ਕੀਤਾ। ਇਨ੍ਹਾਂ ਪੈਸਿਆਂ ਨਾਲ ਇਕ ਹਾਲ ਬਣਾਇਆ ਗਿਆ ਜਿਸਨੂੰ ਜਿੰਨ੍ਹਾ ਹਾਲ ਦਾ ਨਾਂ ਦਿੱਤਾ ਗਿਆ ਜੋ ਅੱਜ ਵੀ ਮੌਜੂਦ ਹੈ। ਦੇਸ਼ ਦੀ ਵੰਡ ਤੋਂ ਬਾਦ ਵੀ ਜਿੰਨ੍ਹਾ ਦੀ ਯਾਦਗਾਰਾਂ ਨੂੰ ਖਤਮ ਨਹੀਂ ਕੀਤਾ ਗਿਆ।
ਜਿੰਨ੍ਹਾ ਦੀ ਪੈਰਵੀ ਕਰਨ ਵਾਲੇ ਲੋਕ ਇਹ ਕਿਉਂ ਭੁੱਲਦੇ ਹਨ ਕਿ ਦੇਸ਼ ਦੀ ਵੰਡ ਦੇ ਤੁਰੰਤ ਬਾਦ ਹੀ ਪਾਕਿਸਤਾਨ ਦੇ ਵੱਖ-ਵੱਖ ਸ਼ਹਿਰਾਂ ਵਿਚੋਂ ਲਹੌਰ ਦੇ ਪਿਤਾਮਾਹ ਕਹੇ ਜਾਣ ਵਾਲੇ ਸਰ ਗੰਗਾਰਾਮ, ਸ਼ੇਰ-ਏ-ਪੰਜਾਬ ਲਾਲਾ ਲਾਜਪਤ ਰਾਏ ਅਤੇ ਹੋਰ ਭਾਰਤੀ ਨੇਤਾਵਾਂ ਦੇ ਬੁੱਤ ਹਟਾ ਦਿੱਤੇ ਗਏ। ਇੱਥੋਂ ਤਕ ਕਿ ਮਹਾਤਮਾ ਗਾਂਧੀ ਦੀ ਲਹੌਰ ਵਿਚ ਲੱਗੀ ਪ੍ਰਤਿਮਾ ਨੂੰ ਭਾਰਤੀ ਸਫਾਰਤਖਾਨੇ ਵਿਚ ਰਖਵਾ ਦਿੱਤਾ ਗਿਆ। ਜਦੋਂ ਕਿ ਇਹ ਭਾਰਤੀ ਨੇਤਾ ਕਿਸੇ ਵੀ ਤਰ੍ਹਾਂ ਮੁਸਲਮਾਨਾਂ ਦੇ ਖਿਲਾਫ ਨਹੀਂ ਸਨ ਅਤੇ ਸਮੂਚੇ ਭਾਰਤ ਦੀ ਅਜਾਦੀ ਦੀ ਲੜਾਈ ਲੜ ਚੁਕੇ ਸਨ। ਇਨ੍ਹਾਂ ਨੇ ਪਾਕਿਸਤਾਨ ਦਾ ਕਿਸੇ ਵੀ ਤਰ੍ਹਾਂ ਨੁਕਸਾਨ ਨਹੀਂ ਸੀ ਕੀਤਾ ਪਰੰਤੂ ਇਸਦੇ ਬਾਵਜੂਦ ਇਨ੍ਹਾਂ ਦੀਆਂ ਪ੍ਰਤੀਮਾਵਾਂ ਨੂੰ ਹਟਾ ਦਿੱਤਾ ਗਿਆ ਪਰੰਤੂ ਭਾਰਤ ਦੀ ਵੰਡ ਦੇ ਜਿੰਮੇਵਾਰ ਜਿੰਨ੍ਹਾਂ ਨੂੰ ਅਸੀਂ ਅੱਜ ਵੀ ਗਲੇ ਲਗਾਈ ਬੈਠੇ ਹਾਂ।
ਹਰ ਸਤਵੀਰ ਅਤੇ ਪ੍ਰਤੀਮਾ ਦਾ ਆਪਣਾ ਮਨੋਵਿਗਿਆਨ ਹੁੰਦਾ ਹੈ। ਬਚਪਨ ਵਿਚ ਭਗਵਾਨ ਕ੍ਰਿਸ਼ਨ ਜੀ ਦੀ ਦੇਖੀ ਮਨਮੋਹਕ ਤਸਵੀਰ ਨੇ ਮੀਰਾ ਨੂੰ ਉਨ੍ਹਾਂ ਦੀ ਭਗਤ ਬਣਾ ਦਿੱਤਾ। ਤਸਵੀਰ ਅਤੇ ਮੂਰਤੀ ਉਸਨੂੰ ਦੇਖਨ ਵਾਲੇ ਦੇ ਮਨ ਵਿਚ ਉਸ ਵਿਅਕਤੀ ਦੇ ਪ੍ਰਤੀ ਖਿੱਚ ਪੈਦਾ ਕਰਦੀ ਹੈ ਜਿਸਦੀ ਕਿ ਉਹ ਤਸਵੀਰ ਹੁੰਦੀ ਹੈ। ਇਹ ਹੀ ਖਿੱਚ ਦਿਲ ਵਿਚ ਸੰਨਮਾਨ ਪੈਦਾ ਕਰਦੀ ਹੈ ਅਤੇ ਕਿਸੇ ਪ੍ਰਤੀ ਸੰਨਮਾਨ ਪੈਦਾ ਹੋਣ ਨਾਲ ਵਿਅਕਤੀ ਉਸਦੇ ਵਿਚਾਰਾਂ ਤੋਂ ਪ੍ਰਭਾਵਿਤ ਹੋਨਾ ਸ਼ੁਰੂ ਹੋ ਜਾਂਦਾ ਹੈ। ਇਹ ਹੀ ਕਾਰਨ ਹੈ ਕਿ ਮਹਾਪੁਰਸ਼ਾਂ, ਦੇਵੀ-ਦੇਵਤਿਆਂ, ਕ੍ਰੰਤੀਕਾਰੀਆਂ ਦੀਆਂ ਤਸਵੀਰਾਂ ਅਤੇ ਮੂਰਤੀਆਂ ਜਗ੍ਹਾਂ-ਜਗ੍ਹਾਂ ਤੇ ਲਗਾਈਆਂ ਜਾਂਦੀਆਂ ਹਨ ਤਾਂ ਜੋ ਚੰਗਾਈ ਦਾ ਪ੍ਰਚਾਰ-ਪ੍ਰਸਾਰ ਹੋ ਸਕੇ। ਚਿੱਤਰ ਨੂੰ ਪੂਜਦਿਆਂ-ਪੂਜਦਿਆਂ ਕੋਈ ਕਿਸ ਵੇਲੇ ਉਸ ਵਿਅਕਤੀ ਦੇ ਚਰਿੱਤਰ ਨੂੰ ਪੂਜਨਾ ਸ਼ੁਰੂ ਕਰ ਦਿੰਦਾ ਹੈ ਇਹ ਵੇਖਣ ਵਾਲੇ ਨੂੰ ਪਤਾ ਵੀ ਨਹੀਂ ਚਲਦਾ। ਜਿੰਨ੍ਹਾਂ ਨੇ ਕਿਸ ਤਰ੍ਹਾਂ ਦੇਸ਼ ਨੂੰ ਵੰਡਿਆ, ਕਿਸ ਤਰ੍ਹਾਂ ਲੱਖਾਂ ਲੋਕ ਮਾਰੇ ਗਏ ਅਤੇ ਕਰੋੜਾਂ ਲੋਕ ਬੇਘਰ ਹੋਏ ਇਸ ਅਪਰਾਧ ਲਈ ਉਨ੍ਹਾਂ ਨੂੰ ਕਦੇ ਵੀ ਮਾਫ ਨਹੀਂ ਕੀਤਾ ਜਾ ਸਕਦਾ। ਦੇਸ਼ ਨੂੰ ਨਾਂ ਤਾ ਜਿੰਨ੍ਹਾ ਜਿਹੋ-ਜਿਹੇ ਵਿਅਕਤੀ ਦੇ ਚਿੱਤਰ ਦੀ ਲੋੜ ਹੈ ਅਤੇ ਨਾ ਹੀ ਚਰਿੱਤਰ ਦੀ। ਕੁਝ ਲੋਕ ਤਰਕ ਦੇ ਰਹੇ ਹਨ ਕਿ ਵੰਡ ਤੋਂ ਪਹਿਲਾਂ ਤਾਂ ਜਿੰਨ੍ਹਾ ਇਕ ਅਜਾਦੀ ਗੁਲਾਟੀਏ ਹੀ ਸਨ। ਇਸ ਤਰ੍ਹਾਂ ਦੀ ਗੱਲ ਕਰਨ ਵਾਲੇ ਲੋਕ ਭੁੱਲਦੇ ਹਨ ਕਿ ਕਿਸੇ ਵੀ ਵਿਅਕਤੀ ਦਾ ਮੁਲਅੰਕਨ ਉਸਦੇ ਸਮੂਚੇ ਜੀਵਨ ਦੀ ਕਾਰਗੁਜਾਰੀ ਨਾਲ ਕੀਤਾ ਜਾਂਦਾ ਹੈ ਨਾ ਕਿ ਟੁਕੜਿਆਂ ਵਿਚ। ਉਕਤ ਤਰਕ ਅਨੁਸਾਰ ਤਾਂ ਕਲ੍ਹ ਨੂੰ ਕੋਈ ਰਾਵਣ ਨੂੰ ਵੀ ਸਹੀ ਠਹਿਰਾ ਸਕਦਾ ਹੈ ਕਿਉਂਕਿ ਜੇ ਲੰਕੇਸ਼ ਦੇ ਜੀਵਨ ਵਿਚੋਂ ਮਾਤਾ ਸੀਤਾ ਜੀ ਦੇ ਹਰਣ ਦਾ ਪ੍ਰਸੰਗ ਹਟਾ ਲਿਆ ਜਾਵੇ ਤਾਂ ਰਾਵਣ ਵੀ ਤਾਂ ਮਹਾਗਿਆਨੀ, ਪ੍ਰਜਾਪਾਲਕ, ਸੂਝਵਾਨ ਅਤੇ ਨੀਤੀਵਾਨ ਰਾਜਾ ਸੀ। ਜਿਸ ਤਰ੍ਹਾਂ ਦੇਸ਼ ਨੂੰ ਰਾਵਣ ਸਵੀਕਾਰ ਨਹੀਂ ਹੈ ਉਸੇ ਤਰ੍ਹਾਂ ਜਿੰਨਾ ਵੀ ਕਦੇ ਕਿਸੇ ਭਾਰਤੀ ਦਾ ਆਦਰਸ਼ ਨਹੀਂ ਹੋ ਸਕਦੇ।
- ਰਾਕੇਸ਼ ਸੈਨ
32, ਖੰਡਾਲਾ ਫਾਰਮਿੰਗ ਕਲੋਨੀ
ਵੀਪੀਓ ਰੰਧਾਵਾ ਮਸੰਦਾ,
ਜਲੰਧਰ।
ਮੋ. 097797-14324

No comments:
Post a Comment