Thursday, 27 July 2017

ਇਜ਼ਰਾਈਲ ਦੀ ਨੀਂਹ ਰਖੀ ਸੀ ਭਾਰਤੀਆਂ ਨੇ

ਦੇਸ਼ ਆਪਣੀ ਅਜਾਦੀ ਦੀ 71ਵੀਂ ਵਰ੍ਹੇਗੰਢ ਮਨਾ ਰਿਹਾ ਹੈ। ਦੇਸ਼ਵਾਸੀਆਂ ਨੇ 1200 ਸਾਲਾਂ ਤਕ ਵੱਖ-ਵੱਖ ਵਿਦੇਸ਼ੀ ਹਕੂਮਤਾਂ ਦੇ ਖਿਲਾਫ ਬੜੀ ਬਹਾਦਰੀ, ਦਲੇਰੀ ਅਤੇ ਸੰਜਮ ਨਾਲ ਸੰਘਰਸ਼ ਕੀਤਾ ਅਤੇ 15 ਅਗਸਤ, 1947 ਨੂੰੱ ਅਜਾਦੀ ਹਾਸਿਲ ਕੀਤੀ।
ਭਾਰਤਵਾਸੀਆਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਅਸੀਂ ਕੇਵਲ ਆਪਣੇ ਦੇਸ਼ ਦੀ ਅਜਾਦੀ ਲਈ ਹੀ ਬਲਿਦਾਨ ਨਹੀਂ ਕੀਤੇ ਬਲਕਿ ਦੁਨੀਆ ਦੇ ਹੋਰ ਗੁਲਾਮੀ ਝੱਲ ਰਹੇ ਦੇਸ਼ਾਂ ਲਈ ਵੀ ਕੁਰਬਾਨੀਆਂ ਕੀਤੀਆਂ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਇਜ਼ਰਾਈਲ ਦੀ। ਸਦੀਆਂ ਤੋਂ ਅਜਾਦੀ ਦਾ ਸੰਘਰਸ਼ ਲੜ ਰਹੇ ਯਹੂਦੀਆਂ ਨੇ ਸਾਡੀ ਤਰ੍ਹਾਂ ਕਾਫੀ ਲੰਮਾ ਸੰਘਰਸ਼ ਕੀਤਾ ਅਤੇ ਇਜ਼ਰਾਈਲ ਨਾਂ ਦੇ ਅਜਾਦ ਦੇਸ਼ ਦੀ ਸਥਾਪਨਾ ਕੀਤੀ। ਇਕ ਭਾਰਤਵਾਸੀ ਹੋਣ ਦੇ ਨਾਤੇ ਮੈਨੂੰ ਇਹ ਦਸਦੇ ਗੌਰਵ ਮਹਿਸੂਸ ਹੁੰਦਾ ਹੈ ਕਿ ਇਜ਼ਰਾਈਲ ਨੂੰ ਪਹਿਲਾ ਸ਼ਹਿਰ ਭਾਰਤੀਆਂ ਨੇ ਜਿੱਤ ਕੇ ਦਿੱਤਾ ਸੀ ਅਤੇ ਉਸ ਸ਼ਹਿਰ ਦਾ ਨਾ ਹੈ ਹਾਈਫਾ।
ਤੁਰਕੀ ਸਾਮਰਾਜ ਤੋਂ ਮੁਕਤੀ ਦਿਵਾਉਣ ਲਈ ਬਰਤਾਨਵੀ ਸਰਕਾਰ ਨੇ ਜੋਧਪੁਰ, ਹੈਦਰਾਬਾਦ ਅਤੇ ਮੈਸੂਰ ਦੇ ਸੈਨਿਕਾਂ ਨੂੰ ਭੇਜਿਆ ਸੀ। ਤੁਰਕੀ ਪ੍ਰਤੀ ਮੁਸਮਿਲ ਫੌਜੀਆਂ ਦਾ ਝੁਕਾਅ ਸੀ ਇਸ ਲਈ ਅੰਗਰੇਜਾਂ ਨੇ ਹੈਦਰਾਬਾਦ ਦੀ ਮੁਸਲਿਮ ਫੌਜ ਨੂੰ ਛੋਟੇ-ਮੋਟੇ ਕੰਮਾਂ ਵਿਚ ਲਗਾ ਦਿੱਤਾ ਅਤੇ ਤੁਰਕੀ ਦੀ ਫੌਜ ਨਾਲ ਲੜਨ ਵਾਸਤੇ ਜੋਧਪੁਰ ਅਤੇ ਮੈਸੂਰ ਦੇ ਸੈਨਿਕਾਂ ਦੀ ਸਾਂਝੀ ਕਮਾਨ ਬਨਾਈ। ਤੁਰਕੀ ਦਾ ਸਾਥ ਆਸਟ੍ਰੀਆ ਅਤੇ ਜਰਮਨੀ ਦੀ ਸ਼ਕਤੀਸ਼ਾਲੀ ਫੌਜ ਵੀ ਦੇ ਰਹੀਆਂ ਸਨ। ਭਾਰਤੀ ਫੌਜ ਦੀ ਕਮਾਨ ਜੋਧਪੁਰ ਦੇ ਮੇਜਰ ਦਲਪਤ ਸਿੰਘ ਸੰਭਾਲ ਰਹੇ ਸਨ ਜੋ ਲੜਦੇ ਹੋਏ ਸ਼ਹਾਦਤ ਦਾ ਜਾਮ ਪੀ ਗਏ। ਮੇਜਰ ਦਲਪਤ ਸਿੰਘ ਨੂੰ ਹਾਈਫਾ ਦੇ ਹੀਰੋ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਹ ਲੜਾਈ ਦੁਨੀਆ ਦੇ ਇਤਿਹਾਸ ਵਿਚ ਇਸ ਲਈ ਵੀ ਬੇਜੋੜ ਹੈ ਕਿਉਂਕਿ ਤਲਵਾਰ-ਭਾਲਿਆਂ ਨਾਲ ਭਾਰਤੀ ਫੌਜ ਨੇ ਤੋਪਾਂ ਅਤੇ ਬੰਦੂਕਾਂ ਨਾਲ ਲੈਸ ਫੌਜ ਨੂੰ ਹਰਾਇਆ ਸੀ ਅਤੇ ਦੁਸ਼ਮਣ ਦੇ ਸ਼ਹਿਰ ਉੱਤੇ ਕਬਜਾ ਕਰ ਲਿਆ।
ਲੜਾਈ ਤੋਂ ਪਹਿਲਾਂ ਜਦੋਂ ਅੰਗਰੇਜ ਸੈਨਾ ਦੇ ਬ੍ਰਿਗੇਡੀਅਰ ਜਨਰਲ ਏਡੀਏ ਕਿੰਗ ਨੂੰ ਦੁਸ਼ਮਣ ਫੌਜ ਦੀ ਤਿਆਰੀ ਬਾਰੇ ਜਾਣਕਾਰੀ ਮਿਲੀ ਤਾਂ ਉਸਨੇ ਫੌਜ ਨੂੰ ਵਾਪਸ ਬੁਲਾਉਣ ਦਾ ਫੈਸਲਾ ਲਿਆ। ਸੈਨਿਕ ਨਜਰੀਏ ਨਾਲ ਬ੍ਰਿਗੇਡੀਅਰ ਦਾ ਫੈਸਲਾ ਸਹੀ ਜਾਪਦਾ ਸੀ ਕਿਉਂਕਿ ਦੁਸ਼ਮਣ ਫੌਜ ਗਿਣਤੀ ਅਤੇ ਹਥਿਆਰਾਂ ਨਾਲ ਭਾਰਤੀ ਫੌਜ ਉੱਤੇ ਹਾਵੀ ਸੀ। ਜਦੋਂ ਭਾਰਤੀ ਫੌਜੀਆਂ ਨੂੰ ਇਸ ਗੱਲ ਦਾ ਪਤਾ ਚੱਲਿਆ ਤਾਂ ਉਨ੍ਹਾਂ ਨੇ ਵਾਪਸ ਮੁੜਨ ਤੋਂ ਇੰਕਾਰ ਕਰ ਦਿੱਤਾ। ਉਨ੍ਹਾਂ ਆਖਿਆ ਕਿ ਉਹ ਆਪਣੇ ਵਤਨ ਕਿਸ ਮੂੰਹ ਨਾਲ ਵਾਪਸ ਪਰਤਨਗੇ ਅਤੇ ਆਪਣੇ ਘਰ ਕੀ ਮੂੰਹ ਦਿਖਾਉਣਗੇ। ਰਾਜਪੂਤਾਂ ਦੀ ਇਹ ਪਰੰਪਰਾ ਰਹੀ ਹੈ ਕਿ ਉਹ ਲੜਾਈ ਦੇ ਮੈਦਾਨ ਤੋਂ ਪਿੱਛੇ ਨਹੀਂ ਹਟਦੇ। ਉਹ ਜਾਂ ਤਾਂ ਲੜਦੇ ਹਨ ਜਾਂ ਵੀਰਗਤੀ ਨੂੰ ਪ੍ਰਾਪਤ ਹੁੰਦੇ ਹਨ। ਇਸ ਤਰ੍ਹਾਂ ਭਾਰਤੀ ਫੌਜੀ ਸਿੱਧੇ-ਸਿੱਧੇ ਆਪਣੇ ਕਮਾਂਡਰ ਕੋਲੋਂ ਮੌਤ ਦੇ ਮੂੰਹ ਵਿਚ ਜਾਣ ਦੀ ਆਗਿਆ ਮੰਗ ਰਹੇ ਸਨ। ਬ੍ਰਿਗੇਡੀਅਰ ਕਿੰਗ ਨੇ ਵੀ ਜਾਣ ਲਿਆ ਕਿ ਇਸ ਫੌਜ ਨੂੰ ਵਾਪਸ ਨਹੀਂ ਲੈ ਜਾਇਆ ਜਾ ਸਕਦਾ ਅਤੇ ਉਨ੍ਹਾਂ ਨੇ ਫੌਜ ਨੂੰ ਲੜਨ ਦੀ ਆਗਿਆ ਦੇ ਦਿੱਤੀ।
ਤਲਵਾਰ ਅਤੇ ਭਾਲਿਆਂ ਨਾਲ ਸੁਸੱਜਿਤ ਭਾਰਤੀ ਘੁੜਸਵਾਰ ਫੌਜ ਨੇ 23 ਸਤੰਬਰ 1918 ਨੂੰ ਸਵੇਰੇ 5 ਵਜੇ ਹਾਈਫਾ ਸ਼ਹਿਰ ਵੱਲ ਵਧਨਾ ਸ਼ੁਰੂ ਕਰ ਦਿੱਤਾ। ਭਾਰਤੀ ਫੌਜ ਦਾ ਰਾਸਤਾ ਮਾਉਂਟ ਕਾਰਮਲ ਪਹਾੜੀ ਦੇ ਨਾਲ ਲਗਦਾ ਹੋਇਆ ਅਤੇ ਕਿਸ਼ੋਨ ਨਦੀ ਅਤੇ ਉਸਦੀ ਸਹਾਇਕ ਨਦੀਆਂ ਦੀ ਦਲਦਲੀ ਜਮੀਨ ਵਿਚੋਂ ਨਿਕਲਦਾ ਸੀ। ਸਵੇਰੇ 10 ਵਜੇ ਭਾਰਤੀ ਫੌਜ ਹਾਈਫਾ ਸ਼ਹਿਰ ਪਹੁੰਚੀ ਅਤੇ ਮਾਉਂਟ ਕਾਰਮਲ ਪਹਾੜੀ ਤੇ ਤੈਨਾਤ 77 ਐਮ.ਐਮ. ਬੰਦੂਕਾਂ ਦੀ ਮਾਰ ਹੇਠ ਆਗਈ। ਭਾਰਤੀ ਸੈਨਿਕਾਂ ਨੇ ਕਾਫੀ ਸੂਝਬੂਝ ਦਿਖਾਈ। ਮੈਸੂਰ ਲਾਂਸਰਜ ਦੀ ਸਕਵਾਡ੍ਰਨ ਸ਼ੇਰਵੁਡ ਰੇਂਜਰਸ ਨੇ ਇਕ ਸਕਵਾਡ੍ਰਨ ਦੀ ਸਹਾਇਤਾ ਨਾਲ ਮਾਉਂਟ ਕਾਰਮਲ ਦੇ ਇਕ ਪਾਸੇ ਚੜਨਾ ਸ਼ੁਰੂ ਕੀਤਾ। ਉਸਨੇ ਦੁਸ਼ਮਣ ਨੂੰ ਹੈਰਾਨ ਕਰਦਿਆਂ ਉਨ੍ਹਾਂ ਤੇ ਹਮਲਾ ਕੀਤਾ ਅਤੇ ਕਾਰਮਲ ਦੀ ਢਲਾਨ ਤੇ ਦੋ ਤੋਪਾਂ ਤੇ ਕਬਜਾ ਕਰ ਲਿਆ। ਭਾਰਤੀ ਫੌਜ ਨੇ ਦੁਸ਼ਮਣ ਦੀ ਮਸ਼ੀਨਗਨਾਂ ਦਾ ਵੀ ਬੜੀ ਬਹਾਦਰੀ ਨਾਲ ਮੁਕਾਬਲਾ ਕੀਤਾ।
ਦੂਸਰੇ ਪਾਸੇ ਦੁਪਹਿਰ ਦੋ ਵਜੇ ਬੀ ਬੈਟਰੀ ਦੇ ਏਚਏਸੀ ਦੇ ਸਮਰਥਨ ਨਾਲ ਜੋਧਪੁਰ ਲਾਂਸਰਜ ਨੇ ਵੀ ਹਾਈਫਾ ਤੇ ਹਮਲਾ ਕਰ ਦਿੱਤਾ ਅਤੇ 3 ਵਜੇ ਤਕ ਘੋੜਸਵਾਰਾਂ ਨੇ ਦੁਸ਼ਮਣਾਂ ਦੇ ਟਿਕਾਣਿਆਂ ਤੇ ਕਬਜਾ ਕਰਕੇ ਪੂਰੇ ਹਾਈਫਾ ਸ਼ਹਿਰ ਨੂੰ ਕਬਜੇ ਵਿਚ ਲੈ ਲਿਆ। ਫੌਜੀ ਇਤਿਹਾਸ ਵਿਚ ਬੇਜੋੜ ਇਸ ਲੜਾਈ ਦਾ ਇਤਿਹਾਸ ਅੱਜ ਸੁਨਹਿਰੀ ਅੱਖਰਾਂ ਵਿਚ ਦਰਜ ਹੈ। ਇਸ ਜਿੱਤ ਨੇ ਅਜਾਦ ਇਜ਼ਰਾਈਲ ਦੇਸ਼ ਦਾ ਨੀਂਹਪੱਥਰ ਰੱਖਿਆ।
ਲੜਾਈ ਵਿਚ ਬੇਜੋੜ ਬਹਾਦਰੀ ਦਿਖਾਉਣ ਤੇ ਮੇਜਰ ਠਾਕੁਰ ਦਲਪਤ ਸਿੰਘ, ਕੈਪਟਨ ਅਨੂਪ ਸਿੰਘ ਅਤੇ ਲੈਫਟੀਨੇਟ ਸਗਤ ਸਿੰਘ ਨੂੰ ਮਿਲਟਰੀ ਕ੍ਰਾਸ ਨਾਲ ਸੰਨਮਾਨਿਤ ਕੀਤਾ ਗਿਆ। 1600 ਸਾਲਾਂ ਤਕ ਆਪਣੀ ਜਨਮਭੂਮੀ ਤੋਂ ਬੇਦਖਲ, ਅਪਮਾਨ ਅਤੇ ਅਣਮਨੁੱਖੀ ਵਰਤਾਰੇ ਦਾ ਸਾਹਮਣਾ ਕਰਨ ਵਾਲੇ ਯਹੂਦੀ ਸਮਾਜ ਵਾਸਤੇ ਹਾਈਫਾ ਸ਼ਹਿਰ ਦੀ ਅਜਾਦੀ ਦਾ ਸਮਾਚਾਰ ਬਹੁਤ ਵੱਡੀ ਰਾਹਤ ਦੇਣ ਵਾਲਾ ਸੀ। ਉਹ ਖੁਸ਼ੀ ਨਾਲ ਝੂਮਨ ਲੱਗ ਪਏ। ਸਾਲ 1919 ਵਿਚ ਦੁਨੀਆ ਭਰ ਤੋਂ ਯਹੂਦੀਆਂ ਨੇ ਹਾਈਫਾ ਸ਼ਹਿਰ ਪਹੁੰਚਨਾ ਸ਼ੁਰੂ ਕਰ ਦਿੱਤਾ ਅਤੇ ਦੂਸਰੀ ਸੰਸਾਰ ਜੰਗ ਵਿਚ ਉਨ੍ਹਾਂ ਨੇ ਅਜਾਦ ਦੇਸ਼ ਇਜ਼ਰਾਈਲ ਦੀ ਮੰਗ ਉਠਾਉਣੀ ਸ਼ੁਰੂ ਕਰ ਦਿੱਤੀ। ਯਹੂਦੀਆਂ ਦਾ ਸੰਘਰਸ਼ ਰੰਗ ਲਿਆਇਆ ਅਤੇ ਇਸ ਲੜਾਈ ਦੇ 30 ਸਾਲਾਂ ਬਾਦ 1948 ਨੂੰ ਇਕ ਅਜਾਦ ਦੇਸ਼ ਇਜ਼ਰਾਈਲ ਦੁਨੀਆ ਦੇ ਨਕਸ਼ੇ ਤੇ ਉਭਰਿਆ। ਦੇਸ਼ ਦਾ ਇਹ ਦੁਰਭਾਗ ਹੀ ਰਿਹਾ ਹੈ ਕਿ ਇਤਿਹਾਸ ਦੇ ਨਾਂ ਤੇ ਸਾਨੂੰ ਉਹ ਗੱਲਾਂ ਹੀ ਪੜ੍ਹਾਈ ਜਾਂਦੀਆਂ ਹਨ ਜਿਸ ਵਿਚ ਭਾਰਤੀਆਂ ਦੀ ਹਾਰ ਹੋਈ ਜਦੋਂ ਕਿ ਇਸ ਤਰ੍ਹਾਂ ਦੀਆਂ ਮਾਣਮੱਤੀ ਘਟਨਾਵਾਂ ਨੂੰ ਲੁਕੋ ਕੇ ਰਖਿਆ ਜਾਂਦਾ ਹੈ।              
- ਰਾਕੇਸ਼ ਸੈਨ
ਮੋ. 97797-14324

2 comments:

कांग्रेस और खालिस्तान में गर्भनाल का रिश्ता

माँ और सन्तान के बीच गर्भनाल का रिश्ता ही ऐसा होता है, कि प्रसव के बाद शरीर अलग होने के बावजूद भी आत्मीयता बनी रहती है। सन्तान को पीड़ा हो त...