Monday, 6 November 2017

ਸ਼੍ਰੀ ਗੁਰੂ ਗ੍ਰੰਥ ਸਾਹਿਬ ਚੋਂ ਭਗਤ ਸੈਣ ਨੂੰ ਕੱਢ ਸਕਦੇ ਹੋ?


ਪੰਜਾਬ ਦੇ ਸ਼੍ਰੀ ਮੁਕਤਸਰ ਸਾਹਿਬ ਜ਼ਿਲੇ ਦੇ ਇਕ ਪਿੰਡ 'ਚ ਦੋ ਦਿਨ ਪਹਿਲਾਂ ਅਜੀਬ ਘਟਨਾ ਵਾਪਰੀ। ਇਕ ਨਾਈ ਦੀ ਦੁਕਾਨ (ਸੈਲੂਨ) ਦੇ ਉਦਘਾਟਨ ਵੇਲੇ ਰਖੇ ਗਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਕੁਝ ਮਰਿਆਦਾਵਾਦੀ ਲੋਕਾਂ ਨੇ ਇਹ ਤਰਕ ਦੇ ਕੇ ਵਿਰੋਧ ਕੀਤਾ ਕਿ ਇਹ ਪੰਥ ਦੀ ਮਰਿਆਦਾ ਦੇ ਖਿਲਾਫ ਹੈ। ਇਨ੍ਹਾਂ ਲੋਕਾਂ ਦਾ ਵਿਚਾਰ ਹੈ ਕਿ ਨਾਈ ਦਾ ਧੰਦਾ ਅਤੇ ਕੁਝ ਲੋਕ ਨਾਈ ਸਮਾਜ ਨੂੰ ਹੀ ਸਿੱਖ ਵਿਰੋਧੀ ਮੰਨ ਕੇ ਚਲਦੇ ਹਨ। ਇਸ ਵਿਚਾਰਾਂ ਦੇ ਧਾਰਣੀ ਲੋਕਾਂ ਨੇ ਕੇਵਲ ਵਿਰੋਧ ਹੀ ਨਹੀਂ ਜਤਾਇਆ ਬਲਕਿ ਸਮਾਰੋਹ ਵਾਲੀ ਥਾਂ ਤੋਂ ਬੀੜ ਸਾਹਿਬ ਨੂੰ ਹੀ ਚੁਕਨ ਦੀ ਕੋਸ਼ਿਸ਼ ਕੀਤੀ ਗਈ। ਪਾਠੀ ਨੂੰ ਪ੍ਰਤਾੜਿਤ ਕੀਤਾ ਗਿਆ ਅਤੇ ਉਸਨੇ ਇਹ ਆਖ ਕੇ ਖਹਿੜਾ ਛੁੜਾਇਆ ਕਿ ਦੁਕਾਨ ਦੇ ਬੋਰਡ ਉੱਤੇ ਅੰਗ੍ਰੇਜੀ ਵਿਚ ਸੈਲੂਨ ਲਿਖਿਆ ਸੀ ਜਿਸਦਾ ਉਹ ਅਰਥ ਨਹੀਂ ਸੀ ਜਾਣਦਾ। ਬਹੁਤ ਨਾਇੰਸਾਫੀ ਕਰ ਰਹੇ ਹਨ ਇਸ ਤਰ੍ਹਾਂ ਦੇ ਮਰਿਆਦਾਵਾਦੀ ਲੋਕ, ਕੇਵਲ ਇਤਿਹਾਸ ਨਾਲ ਹੀ ਨਹੀਂ ਬਲਕਿ ਸਿੱਖ ਧਰਮ ਨਾਲ ਵੀ। ਨਾਈ ਸਮਾਜ ਅਤੇ ਪੰਥ ਦਾ ਰਿਸ਼ਤਾ ਲਗਭਗ ਉਹ ਹੀ ਹੈ ਜੋ ਸੂਰਜ ਦਾ ਕਿਰਨਾਂ ਦੇ ਨਾਲ, ਖੁਸ਼ਬੂ ਦਾ ਹਵਾ ਦੇ ਨਾਲ, ਨਦੀ ਦਾ ਪਾਣੀ ਦੇ ਅਤੇ ਅੱਗ ਦਾ ਲੌ ਦੇ ਨਾਲ। ਇਨ੍ਹਾਂ ਨੂੰ ਵੱਖ ਕਰਕੇ ਨਹੀਂ ਦੇਖਿਆ ਜਾ ਸਕਦਾ।

ਇਹ ਗੱਲ ਸਾਰੇ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਸਿੱਖ ਪੰਥ ਵਿਚ ਕੇਸਾਂ ਦਾ ਸ਼ਵਾਸਾਂ ਜਿਨ੍ਹਾਂ ਮਹੱਤਵ ਹੈ ਪਰੰਤੂ ਜੇਕਰ ਕੋਈ ਨਾਈ ਦੀ ਦੁਕਾਨ ਤੇ ਜਾਂਦਾ ਹੈ ਤਾਂ ਉਹ ਆਪਣੀ ਮਰਜੀ ਨਾਲ ਜਾਂਦਾ ਹੈ। ਮੇਰਾ ਇਹ ਨਿਜੀ ਅਨੁਭਵ ਹੈ ਕਿ ਜੇਕਰ ਕੋਈ ਸਿੱਖ ਭਰਾ ਆਪਣੇ ਕੇਸ ਕਤਲ ਕਰਵਾਉਂਦਾ ਹੈ ਤਾਂ ਪਹਿਲਾਂ ਨਾਈ ਹੀ ਉਸਨੂੰ ਸਮਝਾਉਂਦਾ ਹੈ ਕਿ ਇਹ ਕੁਝ ਨਾ ਕਰ। ਜੇਕਰ ਉਹ ਜਾਣ-ਪਹਿਚਾਣ ਵਾਲਾ ਹੋਵੇ ਤਾਂ ਉਸਦੇ ਘਰਵਾਲਿਆਂ ਨੂੰ ਵੀ ਇਸਦੀ ਜਾਣਕਾਰੀ ਦਿੱਤੀ ਜਾਂਦੀ ਹੈ। ਵਾਲ ਕੱਟਣਾ, ਦਾੜ੍ਹੀ ਬਨਾਉਣਾ, ਨਖੂਨ ਕਟਣਾ ਨਾਈ ਦਾ ਯੁਗਾਂ ਤੋ ਚਲਿਆ ਆਰਿਹਾ ਕਿਸਬ ਹੈ, ਸ਼ੌਕ ਨਹੀਂ। ਨਾਈ ਰੋਜੀ ਰੋਟੀ ਖਾਤਰ ਵਾਲ ਕਟਦਾ ਹੈ ਕਿਸੇ ਦਾ ਧਰਮ ਜਾਂ ਮਰਿਆਦਾ ਭੰਗ ਕਰਨ ਵਾਸਤੇ ਨਹੀਂ। ਬਹੁਤ ਸਾਰੇ ਸਿੱਖ ਭਰਾ ਵੀ ਨਾਈ ਦਾ ਕੰਮ ਕਰਦੇ ਹਨ ਜੋ ਨਾਲ-ਨਾਲ ਮਰਿਆਦਾ ਦਾ ਪਾਲਨ ਵੀ ਕਰਦੇ ਹਨ। ਕੋਈ ਵੀ ਧੰਦਾ ਨੀਵਾਂ ਜਾਂ ਕਿਸੇ ਧਰਮ ਦੇ ਖਿਲਾਫ ਨਹੀਂ ਹੋ ਸਕਦਾ। ਨਾਈ ਦਾ ਧੰਦਾ ਤਾਂ ਭਗਤ ਸੈਣ ਜੀ ਦਾ ਵੀ ਕਿੱਤਾ ਸੀ ਜਿਸਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 695 ਤੇ ਦਰਜ ਹੈ -
ਧੂਪ ਦੀਪ ਘ੍ਰਿਤ ਸਾਜਿ ਆਰਤੀ
ਵਾਰਨੇ ਜਾਉ ਕਮਲਾਪਤੀ।
ਮੰਗਲਾ ਹਰਿ ਮੰਗਲਾ।
ਨਿਤ ਮੰਗਲ ਰਾਜਾ ਰਾਮ ਰਾਇ ਕੋ। ਰਹਾਉ।...

ਮਰਿਆਦਾਵਾਦੀਆਂ ਨੂੰ ਸਮਝਣਾ ਚਾਹੀਦਾ ਹੈ ਕਿ ਭਾਰਤੀ ਸਮਾਜ ਵਿਚ ਕਿਸੇ ਧੰਦੇ ਨੂੰ ਨੀਵਾਂ ਨਹੀਂ ਮੰਨਿਆ ਗਿਆ ਹੈ। ਇਸ ਦੇਸ਼ ਦੀ ਸੰਤ ਪਰੰਪਰਾ ਵਿਚ ਭਗਤ ਨੰਦਾ ਨਾਈ, ਕਲਹਨ ਕਸਾਈ, ਰਵਿਦਾਸ ਜੀ ਚਮਾਰ, ਗਣਿਕਾ ਵੇਸਵਾ, ਕਬੀਰ ਜੀ ਜੁਲਾਹੇ ਸਨ ਪਰੰਤੂ ਇਨ੍ਹਾਂ ਸਾਰਿਆਂ ਦਾ ਬਰਾਬਰ ਸਤਿਕਾਰ ਕੀਤਾ ਜਾਂਦਾ ਹੈ। ਇਨ੍ਹਾਂ ਦੇ ਧੰਦੇ ਵਾਲੀ ਥਾਵਾਂ ਤੇ ਕਿਸੇ ਤਰ੍ਹਾਂ ਦੇ ਧਾਰਮਿਕ ਅਨੁਸ਼ਠਾਨ ਦੀ ਮਨਾਹੀ ਨਹੀਂ ਹੈ। ਕੋਈ ਕਸਾਈ ਦੀ ਦੁਕਾਨ ਤੇ ਲੱਗੀ ਦੇਵੀ-ਦੇਵਤਿਆਂ ਦੀ ਮੂਰਤੀਆਂ ਤੇ ਇਤਰਾਜ ਨਹੀਂ ਕਰਦਾ। ਇੱਥੋਂ ਤਕ ਕਿ ਸੁਲਭ ਸ਼ੌਚਾਲਿਆ ਜਿਨ੍ਹਾਂ ਦਾ ਸੰਚਾਲਨ ਵਾਲਮੀਕੀ ਭਾਈਚਾਰੇ ਦੇ ਲੋਕ ਜਿਆਦਾ ਕਰਦੇ ਹਨ ਉੱਥੇ ਦੇਵੀ-ਦੇਵਤਿਆਂ ਦੀਆਂ ਫੋਟੋਆਂ ਆਮ ਦੇਖੀ ਜਾ ਸਕਦੀਆਂ ਹਨ। ਗੁਰੂ ਅਰਜਨ ਦੇਵ ਜੀ ਵੀ ਭਗਤ ਸੈਣ ਜੀ ਦੇ ਧੰਦੇ ਬਾਰੇ ਉਨ੍ਹਾਂ ਦੀ ਉਸਤਤ ਕਰਦੇ ਹਨ। ਨਾਈ ਸਮਾਜ ਦਾ ਸਿੱਖ ਪੰਥ ਨਾਲ ਕੇਵਲ ਗਿਆਨ ਦਾ ਹੀ ਰਿਸ਼ਤਾ ਨਹੀਂ ਬਲਕਿ ਇਸ ਸਮਾਜ ਨੇ ਤੇਗ ਚਲਾ ਕੇ ਵੀ ਪੰਥ ਦੀ ਸੇਵਾ ਕੀਤੀ। ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਾਜੇ ਗਏ ਪੰਜ ਪਿਆਰਿਆਂ ਵਿਚ ਬਾਬਾ ਸਾਹਿਬ ਸਿੰਘ ਜੀ ਨਾਈ ਸਮਾਜ ਨਾਲ ਹੀ ਸੰਬੰਧਤ ਸਨ। ਖੁਦ ਗੁਰੂ ਸਾਹਿਬ ਨੇ ਉਨ੍ਹਾਂ ਹੱਥੋਂ ਅੰਮ੍ਰਿਤਪਾਨ ਕੀਤਾ ਅਤੇ ਗੁਰੂ ਘਰ ਵਾਲਾ ਬਣਾਇਆ। ਮੁਗ਼ਲਾਂ ਤੋਂ ਲੜਦੇ ਹੋਏ ਬਾਬਾ ਸਾਹਿਬ ਸਿੰਘ ਜੀ ਚਮਕੌਰ ਦੀ ਗੜ੍ਹੀ ਵਿਚ ਸ਼ਹੀਦ ਹੋ ਗਏ ਸਨ।
ਨਾਈ ਸਮਾਜ ਦਾ ਪੌਰਾਣਿਕ ਇਤਿਹਾਸ ਵੀ ਹੈ। ਭਗਵਾਨ ਸ਼੍ਰੀਰਾਮ ਦੇ ਰਘੁਵੰਸ਼ ਵਿਚ ਪਰੰਪਰਾ ਸੀ ਕਿ ਲੜਕੇ ਦੇ ਵਿਆਹ ਵੇਲੇ ਮਧੁਪਰਕ ਘਰ ਦਾ ਨਾਈ ਹੀ ਲੈ ਕੇ ਜਾਂਦਾ ਸੀ। ਮਧੁਪਰਕ ਦਹੀ ਅਤੇ ਸ਼ਹਿਦ ਦਾ ਬਣਿਆ ਪੌਸ਼ਟਿਕ ਅਹਾਰ ਹੈ ਜੋ ਫੇਰੇ ਵੇਲੇ ਲਾੜੇ ਨੂੰ ਦਿੱਤਾ ਜਾਂਦਾ ਹੈ। ਇਹ ਪਰੰਪਰਾ ਅੱਜ ਵੀ ਚਲੀ ਆਰਹੀ ਹੈ। ਆਖਿਆ ਜਾਂਦਾ ਹੈ ਕਿ ਭਗਵਾਨ ਸ਼੍ਰੀਰਾਮ ਦੇ ਫੇਰਿਆਂ ਦੇ ਐਨ ਮੋਕੇ ਤੇ ਘਰੋਂ ਨਾਈ ਬੁਲਾਇਆ ਨਹੀਂ ਜਾ ਸਕਦਾ ਸੀ। ਇਸ ਲਈ ਸ਼੍ਰੀਰਾਮ ਨੇ ਆਪਣੇ ਵੱਟਣੇ ਨਾਲ ਨਾਈ ਪੈਦਾ ਕੀਤਾ ਅਤੇ ਅੱਜ ਉਸੇ ਨਾਈ ਦੀ ਸੰਤਾਨ ਨੂੰ 'ਗੋਲੇ' ਨਾਈ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਕੁਝ ਵਿਦਵਾਨ ਇਹ ਵੀ ਆਖਦੇ ਹਨ ਕਿ ਗੋਲੇ ਸ਼ਬਦ ਗੋਪਾਲ ਦਾ ਵਿਗੜਿਆ ਹੋਇਆ ਰੂਪ ਹੈ, ਗੋਪਾਲ ਸ਼੍ਰੀ ਕ੍ਰਿਸ਼ਨ ਜੀ ਦੇ ਸਾਥੀ ਸਨ ਜੋ ਗਊਆਂ ਪਾਲਦੇ ਸਨ।
ਵੇਖਿਆ ਜਾਵੇ ਤਾਂ ਨਾਈ ਸਮਾਜ ਜਿਨ੍ਹਾਂ ਮਹੱਤਵਪੂਰਨ ਹੈ ਉਨ੍ਹਾਂ ਹੀ ਇਸਨੂੰ ਨਜ਼ਰੰਦਾਜ ਵੀ ਕੀਤਾ ਗਿਆ ਹੈ। ਸਮਾਜ ਦੀ ਸੇਵਾ ਅਤੇ ਜੀਵਨ ਦੇ ਸਰਬਉੱਚ ਬਲਿਦਾਨ ਕਰਨ ਦੇ ਬਾਵਜੂਦ ਵੀ ਉਪੇਖਿਆ ਦਾ ਰਵੱਈਆ ਬਦਲਦਾ ਨਜਰ ਨਹੀਂ ਆਰਿਹਾ। ਤਾਂ ਹੀ ਤਾਂ ਕੁਝ ਲੋਕ ਆਖ ਦਿੰਦੇ ਹਨ ਕਿ 'ਤੂੰ ਬੰਦਾ ਹੈ ਕਿ ਨਾਈ' ਅਰਥਾਤ ਜੋ ਨਾਈ ਹੈ ਉਹ ਬੰਦਾ ਵੀ ਨਹੀਂ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਪੂਰੀ ਮਨੁੱਖਤਾ ਦੀ ਧਰੋਹਰ ਹੈ ਪਰੰਤੂ ਜਾਪਦਾ ਹੈ ਕਿ ਉਕਤ ਮਰਿਆਦਾਵਾਦੀਆਂ ਨੇ ਵੀ ਨਾਈਆਂ ਨੂੰ ਮਨੁੱਖ ਹੀ ਨਾ ਸਮਝਿਆ ਹੋਵੇ। ਨਾਈ ਦਾ ਧੰਦਾ ਅਤਿ ਸੰਨਮਾਨਿਤ ਹੈ, ਜੇਕਰ ਕੋਈ ਕਿਸੇ ਦੇ ਵਾਲ ਸੰਵਾਰਦਾ ਹੈ ਤਾਂ ਉਹ ਉਸਨੂੰ ਸਵੱਛਤਾ ਦੀ ਸੌਗਾਤ ਵੀ ਦੇ ਰਿਹਾ ਹੁੰਦਾ ਹੈ। ਕਿਸੇ ਦੇ ਨਖੂਨ ਕੱਟਣਾ ਉਸਨੂੰ ਬਿਮਾਰੀ ਤੋਂ ਮੁਕਤ ਕਰਨਾ ਹੈ ਜੋ ਕਿ ਇਕ ਡਾਕਟਰ ਜਿੰਨਾ ਹੀ ਮਹੱਤਵਪੂਰਨ ਕੰਮ ਹੈ। ਜਦੋਂ ਨਾਈ ਲੋਕਾਂ ਦੇ ਵਿਆਹ ਸ਼ਾਦੀਆਂ ਕਰਵਾਇਆ ਕਰਦੇ ਸਨ ਤਾਂ ਉਸ ਵੇਲੇ ਕਿਸੇ ਨੇ ਤਲਾਕ ਨਾਂ ਦਾ ਸ਼ਬਦ ਸ਼ਾਇਦ ਹੀ ਸੁਣਿਆ ਹੋਵੇ ਪਰੰਤੂ ਅੱਜ ਲੋਕ ਆਪਣੀ ਮਰਜੀ ਨਾਲ ਵਿਆਹ ਕਰਦੇ ਹਨ ਤਾਂ ਅਕਸਰ ਦੇਖਿਆ ਜਾਂਦਾ ਹੈ ਕਿ ਕਈ ਵਾਰੀ ਤਾਂ ਦੂਸਰੇ ਮਹੀਨੇ ਹੀ ਕੋਰਟ ਕਚਹਿਰੀ ਦੇ ਚੱਕਰ ਸ਼ੁਰੂ ਹੋ ਜਾਂਦੇ ਹਨ।
ਆਖਦੇ ਹਨ ਕਿ ਇਕ ਵਾਰੀ ਭਗਤ ਸ਼ਿਰੋਮਣੀ ਸੂਰਦਾਸ ਜੀ ਖੂਹ ਵਿਚ ਡਿੱਗ ਪਏ ਅਤੇ ਸਹਾਇਤਾ ਵਾਸਤੇ ਚਿੱਲਾਉਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਕਿਸੇ ਨੇ ਆਕੇ ਉਨ੍ਹਾਂ ਦੀ ਬਾਂਹ ਫੜ ਲਈ। ਸੂਰਦਾਸ ਜੀ ਪਹਿਚਾਣ ਗਏ ਕਿ ਇਹ ਕੋਈ ਹੋਰ ਨਹੀਂ ਮੇਰੇ ਘੱਨਈਆ ਜੀ ਹੀ ਹਨ, ਉਹ ਖੁਸ਼ੀ ਵਿਚ ਨੱਚਣ ਲੱਗ ਪਏ। ਕ੍ਰਿਸ਼ਨ ਜੀ ਉਨ੍ਹਾਂ ਤੋਂ ਹੱਥ ਛੁੜਾ ਕੇ ਭੱਜ ਖੜੇ ਹੋਏ। ਤਾਂ ਸੂਰਦਾਸ ਜੀ ਨੇ ਕਿਹਾ -
ਹਾਥ ਛੁੜਾਏ ਜਾਤ ਹੋ, ਨਿਰਬਲ ਜਾਨ ਕੇ ਮੋਹੇ।
ਹ੍ਰਿਦਯ ਸੇ ਜਬ ਜਾਓ ਤੋ, ਸਬਲ ਮੈਂ ਜਾਨੂੰ ਤੋਹੇ।
ਉਸੇ ਤਰ੍ਹਾਂ ਮੁਕਤਸਰ ਸਾਹਿਬ ਵਿਖੇ ਸਬਲ ਮਰਿਆਦਾਵਾਦੀਆਂ ਨੇ ਨਾਈ ਸਮਾਜ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਖੋਹ ਲਿਆ ਪਰੰਤੂ ਉਹ ਸਾਡੇ ਦਿਲਾਂ ਵਿਚੋਂ ਗੁਰੂ ਸਾਹਿਬ ਨੂੰ ਨਹੀਂ ਨਿਕਾਲ ਸਕਦੇ। ਕੀ ਇਨ੍ਹਾਂ ਵਿਚ ਇਨ੍ਹੀ ਸਮਰਥਾ ਹੈ ਕਿ  ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੌਂ ਭਗਤ ਸੈਣ ਜੀ ਨੂੰ ਵੱਖ ਕਰ ਦੇਣ? ਸਿੱਖ ਪੰਥ ਦੀ ਸਰਬਉੱਚ ਸੰਸਥਾ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਇਸ ਘਟਨਾ ਦਾ ਤੁਰੰਤ ਨੋਟਿਸ ਲੈਣਾ ਚਾਹੀਦਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਪੰਥ ਸਾਡੇ ਨਾਈ ਸਮਾਜ ਦੀ ਜੀਵਨ ਭਰ ਦੀ ਪੂੰਜੀ ਹੈ ਜੇਕਰ ਕੋਈ ਇਹ ਵੀ ਸਾਡੇ ਤੋਂ ਖੋਹ ਲਵੇ ਤਾਂ ਅਸੀਂ ਕਿਸੇ ਜੋਗੇ ਨਹੀਂ ਰਹਾਂਗੇ।


ਰਾਕੇਸ਼ ਸੈਨ

32, ਖੰਡਾਲਾ ਫਾਰਮਿੰਗ ਕਲੋਨੀ,
ਵੀਪੀਓ ਰੰਧਾਵਾ ਮਸੰਦਾ, 
ਜਲੰਧਰ।
ਮੋ. 097797-14324

No comments:

Post a Comment

कांग्रेस और खालिस्तान में गर्भनाल का रिश्ता

माँ और सन्तान के बीच गर्भनाल का रिश्ता ही ऐसा होता है, कि प्रसव के बाद शरीर अलग होने के बावजूद भी आत्मीयता बनी रहती है। सन्तान को पीड़ा हो त...