9 ਨਵੰਬਰ, 2019 ਦਾ ਦਿਨ ਭਾਰਤ ਦੇ ਇਤਿਹਾਸ ਵਿਚ ਸੁਨਹਿਰੀ ਅੱਖਰਾਂ ਵਿਚ ਲਿਖਿਆ ਜਾਵੇਗਾ। ਇਸ ਦਿਨ ਬਾਰੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਕਿਹਾ ਕਿ ਅੱਜ ਦੇ ਦਿਨ ਬਰਲਿਨ ਦੀ ਦੀਵਾਰ ਡੇਗੀ ਗਈ ਅਤੇ ਦੋ ਵਿਪਰੀਤ ਵਿਚਾਰ ਧਾਰਾਵਾਂ ਦਾ ਮਿਲਨ ਹੋਇਆ। ਭਾਰਤ ਦੇ ਸੰਦਰਭ ਵਿਚ ਵੀ ਇਸ ਦਿਨ ਦੋ ਦੀਵਾਰਾਂ ਡਿਗਦੀਆਂ ਦਿਸੀਆਂ, ਇਕ ਤਾਂ ਇਸ ਦਿਨ ਭਾਰਤ-ਪਾਕਿਸਤਾਨ ਵਿਚਕਾਰ ਕਰਤਾਰਪੁਰ ਲਾਂਘਾ ਖੋਲ੍ਹਿਆ ਗਿਆ ਅਤੇ ਦੂਸਰਾ ਦੇਸ਼ ਦੀ ਸਰਬਉੱਚ ਅਦਾਲਤ ਨੇ ਸ਼੍ਰੀਰਾਮ ਮੰਦਰ ਦੇ ਹੱਕ ਵਿਚ ਫੈਸਲਾ ਦੇ ਕੇ ਹਿੰਦੂ-ਮੁਸਲਮਾਨਾਂ ਵਿਚਕਾਰ ਪਈ ਖਾਈ ਨੂੰ ਪੂਰਨ ਦੀ ਕੋਸ਼ਿਸ਼ ਕੀਤੀ। ਕਰਤਾਰਪੁਰ ਲਾਂਘੇ ਨਾਲ ਇਕ ਤਰ੍ਹਾਂ ਅਖੰਡ ਭਾਰਤ ਦੀ ਨੀਂਹ ਰਖੀ ਗਈ, ਉਸੇ ਤਰ੍ਹਾਂ ਸ਼੍ਰੀਰਾਮ ਮੰਦਰ ਤੇ ਆਏ ਫੈਸਲੇ ਨੇ ਦੇਸ਼ ਵਿਚ ਏਕੇ ਦੀ ਨਵੀਂ ਇਮਾਰਤ ਦਾ ਵੀ ਉਦਘਾਟਨ ਕਰ ਦਿੱਤਾ।
ਸਹੀ ਕਹਿੰਦੇ ਹਨ ਕਿ ਇਤਿਹਾਸ ਆਪਣੇ-ਆਪ ਨੂੰ ਦੁਹਰਾਉਂਦਾ ਹੈ। 1947 ਵਿਚ ਭਾਰਤ-ਪਾਕਿਸਤਾਨ ਵਿਚਕਾਰ ਖੜ੍ਹੀ ਹੋਈ ਦੀਵਾਰ ਵਿਚ ਝਰੋਖਾ ਬਣ ਚੁੱਕਾ ਹੈ ਅਤੇ ਵਿਸ਼ਵਾਸ ਕੀਤਾ ਜਾਣਾ ਚਾਹੀਦਾ ਹੈ ਕਿ ਇਕ ਦਿਨ ਇਹ ਪੂਰੀ ਦੀਵਾਰ ਹੀ ਝਰੋਖਾ ਬਣ ਜਾਵੇਗੀ। 9 ਨਵੰਬਰ,1989 ਨੂੰ ਪੂਰਬੀ ਅਤੇ ਪੱਛਮੀ ਜਰਮਨੀ ਨੂੰ ਵੰਡਣ ਵਾਲੀ ਬਰਲਿਨ ਦੀ ਦੀਵਾਰ ਨੂੰ ਹਟਾਉਣ ਦਾ ਫ਼ੈਸਲਾ ਲਾਗੂ ਕੀਤਾ ਗਿਆ ਅਤੇ ਜਰਮਨੀ ਮੁੜ ਇਕ ਹੋ ਗਿਆ ਸੀ। ਇਸੇ ਤਰ੍ਹਾਂ 9 ਨਵੰਬਰ ਦਾ ਦਿਨ ਵੀ ਵਿਸ਼ਵ ਇਤਿਹਾਸ 'ਚ ਸੁਨਹਿਰੀ ਅੱਖਰਾਂ ਵਿਚ ਲਿਖਿਆ ਗਿਆ ਜਦੋਂ ਸ੍ਰੀ ਕਰਤਾਰਪੁਰ ਸਾਹਿਬ ਲਈ ਲਾਂਘਾ ਖੋਲ੍ਹ ਦਿੱਤਾ ਗਿਆ ਜੋ ਭਾਰਤ-ਪਾਕਿਸਤਾਨ ਸਬੰਧਾਂ ਵਿਚ ਮੀਲ ਦਾ ਪੱਥਰ ਸਾਬਿਤ ਹੋ ਸਕਦਾ ਹੈ। ਜਦੋਂ ਭਾਰਤ-ਪਾਕਿਸਤਾਨ ਦੇ ਸਬੰਧ ਨਾਜ਼ੁਕ ਹੋਣ ਤਾਂ ਸਿੱਖ ਸਮਾਜ ਦੀ 72 ਸਾਲ ਦੀ ਮੰਗ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵੱਲੋਂ 10 ਮਹੀਨਿਆਂ ਦੀ ਅਣਥੱਕ ਮਿਹਨਤ ਸਦਕਾ ਪੂਰਾ ਕਰ ਦੇਣਾ ਕਿਸੇ ਕਰਿਸ਼ਮੇ ਤੋਂ ਘੱਟ ਨਹੀਂ। ਸ਼ਾਇਦ ਸ੍ਰੀ ਕਰਤਾਰਪੁਰ ਲਾਂਘਾ ਖੁੱਲ੍ਹਣਾ ਵਿਛੜੇ ਭਰਾਵਾਂ ਦੀ ਮੁੜ ਗਲਵੱਕੜੀ ਪਵਾ ਦੇਵੇ। ਅੱਜ ਤੋਂ 72 ਸਾਲ ਪਹਿਲਾਂ ਜਿਹੜੀ ਰੈੱਡਕਲਿਫ ਰੇਖਾ ਖਿੱਚੀ ਗਈ ਸੀ, ਸ਼ਾਇਦ ਉਸਨੂੰ ਖ਼ਤਮ ਕਰਨ ਦਾ ਵਕਤ ਨੇੜੇ ਆ ਗਿਆ ਹੈ। ਇਹ ਸਾਰੀਆਂ ਸੋਚਾਂ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਖੜ੍ਹੀਆਂ ਦੋਹਾਂ ਦੇਸ਼ਾਂ ਦੀਆਂ ਸੰਗਤਾਂ ਸੋਚ ਰਹੀਆਂ ਸਨ। ਜਿਸ ਤਰ੍ਹਾਂ ਲੋਕਾਂ ਦੇ ਚਿਹਰਿਆਂ 'ਤੇ ਖ਼ੁਸ਼ੀ ਦੀ ਲਹਿਰ ਸੀ ਉਸ ਨੂੰ ਤੱਕ ਕੇ ਮਹਿਸੂਸ ਹੋ ਰਿਹਾ ਸੀ ਕਿ ਦੋਹਾਂ ਮੁਲਕਾਂ ਦੇ ਲੋਕ ਇਕ ਹੋਣਾ ਚਾਹੁੰਦੇ ਹਨ। ਸੰਯੁਕਤ ਰਾਸ਼ਟਰ ਵੱਲੋਂ ਦੋਵਾਂ ਦੇਸ਼ਾਂ ਨੂੰ ਲਾਂਘਾ ਖੁੱਲ੍ਹਣ ਉਪਰੰਤ ਵਧਾਈ ਦਿੱਤੀ ਗਈ।।ਇਹ ਬਹੁਤ ਵੱਡੀ ਗੱਲ ਹੈ। ਦੋਵਾਂ ਦੇਸ਼ਾਂ ਦੇ ਲੋਕਾਂ ਦਾ ਜੋਸ਼ ਤਾਂ ਠਾਠਾਂ ਮਾਰ ਹੀ ਰਿਹਾ ਹੈ। ਉਹ ਤਾਂ ਪਹਿਲਾਂ ਹੀ ਗਲਵੱਕੜੀਆਂ ਪਾਉਣ ਨੂੰ ਤਿਆਰ ਬੈਠੇ ਹਨ।
ਪਿਛਲੇ ਸਾਲ ਜ਼ਿਲ੍ਹਾ ਗੁਰਦਾਸਪੁਰ ਵਿਚਲੇ ਡੇਰਾ ਬਾਬਾ ਨਾਨਕ ਤੇ ਪਾਕਿਸਤਾਨ ਦੇ ਜ਼ਿਲ੍ਹਾ ਨਾਰੋਵਾਲ ਵਿਚਲੇ ਕਰਤਾਰਪੁਰ ਸਾਹਿਬ ਨੂੰ ਆਪਸ 'ਚ ਜੋੜਨ ਵਾਲੇ ਲਾਂਘੇ ਨੂੰ ਬਣਾਉਣ ਲਈ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਸਹਿਮਤ ਹੋਈਆਂ। ਉਪ-ਰਾਸ਼ਟਰਪਤੀ ਸ਼੍ਰੀ ਐਮ. ਵੈਂਕੇਈਆ ਨਾਇਡੂ ਨੇ ਡੇਰਾ ਬਾਬਾ ਨਾਨਕ ਵਿਖੇ ਤੇ 28 ਨਵੰਬਰ ਨੂੰ ਕਰਤਾਰਪੁਰ ਸਾਹਿਬ ਵਿਖੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਲਾਂਘੇ ਦੇ ਨਿਰਮਾਣ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਸੀ। ਜਿਸ ਰਫ਼ਤਾਰ ਨਾਲ ਦੋਵਾਂ ਦੇਸ਼ਾਂ ਨੇ ਕੰਮ ਪੂਰਾ ਕੀਤਾ ਹੈ, ਇਸ ਵਾਸਤੇ ਦੋਵੇਂ ਵਧਾਈ ਦੇ ਪਾਤਰ ਹਨ। ਉਦਘਾਟਨ ਵੇਲੇ ਕਿਸੇ ਨੇ ਨਹੀਂ ਸੋਚਿਆ ਸੀ ਕਿ ਲਾਂਘਾ ਇੰਨੀ ਜਲਦੀ ਬਣ ਕੇ ਤਿਆਰ ਹੋ ਜਾਵੇਗਾ। ਗੁਰੂ ਨਾਨਕ ਦੇਵ ਜੀ ਜਿੱਥੇ ਵੀ ਗਏ, ਉਨ੍ਹਾਂ ਮਿਲਜੁਲ ਕੇ ਰਹਿਣ ਦਾ ਸੁਨੇਹਾ ਹੀ ਦਿੱਤਾ ਤੇ ਆਪਸੀ ਸੰਵਾਦ ਦੇ ਮਹਾਤਮ ਬਾਰੇ ਦੱਸਿਆ। ਬਾਬੇ ਨਾਨਕ ਨੇ ਸਰਹੱਦਾਂ ਦੀਆਂ ਲਕੀਰਾਂ 'ਤੇ ਕਦੇ ਵਿਸ਼ਵਾਸ ਨਹੀਂ ਸੀ ਕੀਤਾ। ਉਨ੍ਹਾਂ ਪੂਰੀ ਦੁਨੀਆ ਨੂੰ 'ਨਾਮ ਜਪੋ, ਕਿਰਤ ਕਰੋ ਤੇ ਵੰਡ ਛਕੋ' ਦਾ ਸੰਦੇਸ਼ ਦਿੱਤਾ। ਉਸ ਬਾਬੇ ਨੇ ਇਕ ਵਾਰੀ ਫੇਰ ਭਾਰਤ-ਪਾਕਿਸਤਾਨ ਨੂੰ ਨੇੜੇ ਲਿਆ ਦਿੱਤਾ ਹੈ। ਕਾਲੀ ਵੇਈਂ ਦੇ ਕੰਢੇ ਸੁਲਤਾਨਪੁਰ ਲੋਧੀ 'ਚ ਗੁਰੂ ਨਾਨਕ ਸਾਹਿਬ ਨੇ ਜੱਗ ਨੂੰ ਸੁਨੇਹਾ ਦਿੱਤਾ ਸੀ। 'ਨਾ ਕੋ ਹਿੰਦੂ, ਨਾ ਮੁਸਲਮਾਨ।' 15 ਅਗਸਤ, 1947 ਦੀ ਦੇਸ਼ ਵੰਡ ਵੇਲੇ ਨਨਕਾਣਾ ਸਾਹਿਬ ਤੇ ਕਰਤਾਰਪੁਰ ਸਾਹਿਬ ਸਮੇਤ 170 ਤੋਂ ਜ਼ਿਆਦਾ ਇਤਿਹਾਸਕ ਗੁਰਦੁਆਰੇ ਪਾਕਿਸਤਾਨ 'ਚ ਚਲੇ ਗਏ ਸਨ ਵਿਛੜੇ ਗੁਰਧਾਮਾਂ ਦੀ ਪੀੜ ਪਿਛਲੇ 72 ਸਾਲਾਂ ਤੋਂ ਹਰ ਗੁਰਸਿੱਖ ਦੇ ਅੰਦਰੋਂ ਇਹੋ ਅਰਦਾਸ ਬਣ ਕੇ ਨਿਕਲਦੀ ਰਹੀ ਕਿ ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਬਖ਼ਸ਼ੋ। ਆਖਿਰ 9 ਨਵੰਬਰ ਨੂੰ ਉਹ ਅਰਦਾਸ ਕਬੂਲ ਹੋ ਹੀ ਗਈ। ਬਾਬੇ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਜਿਹੜਾ ਹਾਂ-ਪੱਖੀ ਮਾਹੌਲ ਬਣਿਆ ਹੈ, ਇਹ ਆਉਣ ਵਾਲੇ ਦਿਨਾਂ 'ਚ ਹੋਰ ਸੁਖਾਵਾਂ ਹੋਵੇਗਾ।। ਬਾਬੇ ਨਾਨਕ ਦੀ ਮਿਹਰ ਨਾਲ ਸ੍ਰੀ ਕਰਤਾਰਪੁਰ ਸਾਹਿਬ ਦੇ ਖ਼ੁੱਲ੍ਹੇ ਦਰਸ਼ਨ-ਦੀਦਾਰ ਦਾ ਰਸਤਾ ਬਣਿਆ ਹੈ। ਕਾਮਨਾ ਇਹੀ ਹੈ ਕਿ ਇਹ ਭਾਰਤ ਤੇ ਪਾਕਿਸਤਾਨ 'ਚ ਮੁੜ ਦੋਸਤੀ ਲਈ 'ਵੱਡਾ ਕਦਮ' ਸਾਬਿਤ ਹੋਵੇਗਾ ਅਤੇ ਇਸ ਨਾਲ ਅਖੰਡ ਭਾਰਤ ਦਾ ਰਾਹ ਪੱਧਰ ਹੋਵੇਗਾ।
- ਰਾਕੇਸ਼ ਸੈਨ
No comments:
Post a Comment