Friday, 31 July 2020

ਈਦ ਮੌਕੇ 'ਹੁਸੈਨੀ ਪੰਡਤਾਂ' ਨੂੰ ਚੇਤੇ ਕਰਦਿਆਂ


ਅੱਜ ਈਦ ਹੈ, ਸਾਰੇ ਦੇਸ਼ਵਾਸੀਆਂ ਨੂੰ ਇਸਦੀ ਲੱਖ-ਲੱਖ ਵਧਾਈ। ਜੇ ਕੋਈ ਆਖਦਾ ਹੈ ਕਿ ਇਹ ਕੇਵਲ ਮੁਸਲਮਾਨਾਂ ਦਾ ਤਿਓਹਾਰ ਹੈ ਤਾਂ ਉਹ ਹਿੰਦੂ-ਮੁਸਲਮਾਨਾਂ ਅਤੇ ਹਿੰਦੂ ਧਰਮ ਅਤੇ ਇਸਲਾਮ ਵਿਚਕਾਰ ਰਿਸ਼ਤਿਆਂ ਤੋਂ ਅਨਜਾਣ ਹੈ। 10 ਮਈ, 1857 ਨੂੰ ਜਦੋਂ ਹਿੰਦੂ-ਮੁਸਲਮਾਨਾਂ ਨੇ ਇਕਜੁੱਟ ਹੋ ਕੇ ਅੰਗ਼ਰੇਜ਼ਾਂ ਖ਼ਿਲਾਫ਼ ਪਹਿਲੀ ਅਜ਼ਾਦੀ ਦੀ ਜੰਗ ਲੜੀ ਤਾਂ ਬਰਤਾਨਵੀ ਹਕੂਮਤ ਨੂੰ ਗੱਲ ਸਮਝ ਆ ਗਈ ਕਿ ਜੇਕਰ ਹਿੰਦੂ-ਮੁਸਲਮਾਨ ਇਸੇ ਤਰ੍ਹਾਂ ਘਿਓ-ਖਿਚੜੀ ਬਣੇ ਰਹੇ ਤਾਂ ਉਹਨਾਂ ਦਾ ਰਾਜ ਜ਼ਿਆਦਾ ਦੇਰ ਚਲਨ ਵਾਲਾ ਨਹੀਂ। ਇਸ ਲਈ ਉਹਨਾਂ ਦੇ ਦੋਨਾਂ ਭਰਾਵਾਂ ਖ਼ਿਲਾਫ਼ ਇੰਨੇ ਝੂਠ ਫੈਲਾਏ ਅਤੇ ਗ਼ਜ਼ਨੀ, ਗੌਰੀ ਅਤੇ ਬਾਬਰ ਜਿਹੇ ਵਿਦੇਸ਼ੀ ਧਾੜਵੀਆਂ ਨੂੰ ਇਸਲਾਮ ਦਾ ਚਿਹਰਾ ਮੁਹਰਾ ਬਣਾ ਕੇ ਪੇਸ਼ ਕੀਤਾ। ਇਸ ਨਾਲ ਜਿੱਥੇ ਦੇਸ਼ ਅੰਦਰ ਇਸਲਾਮ ਪ੍ਰਤੀ ਖਦਸ਼ੇ ਪੈਦਾ ਹੋਣ ਲੱਗੇ ਉੱਥੇ ਹੀ ਮੁਸਲਮਾਨਾਂ ਦੇ ਇਕ ਵਰਗ ਵਿਚ ਇਹ ਸੋਚ ਵਿਕਸਿਤ ਹੋਈ ਕਿ ਉਹ ਹੀ ਇਸ ਦੇਸ਼ ਦੇ ਸ਼ਾਸਕ ਹਨ। ਇਹ ਦੋਨੋ ਹੀ ਗੱਲਾਂ ਦੇਸ਼ ਲਈ ਘਾਤਕ ਸਾਬਿਤ ਹੋਈਆਂ ਅਤੇ ਜਿਸਦਾ ਸਿੱਟਾ ਨਿਕਲਿਆ ਦੇਸ਼ ਦੀ ਵੰਡ। ਸੱਚਾਈ ਇਹ ਹੈ ਕਿ ਨਾ ਤਾਂ ਹਿੰਦੂ ਧਰਮ ਅਤੇ ਨਾ ਹੀ ਕੋਈ ਹਿੰਦੂ ਇਸਲਾਮ ਅਤੇ ਮੁਸਲਮਾਨਾਂ ਦਾ ਦੁਸ਼ਮਣ ਹੈ ਅਤੇ ਨਾ ਹੀ ਮੁਸਲਾਨ ਕਿਸੇ ਦਾ, ਬਲਕਿ ਇਤਿਹਾਸ ਇਹ ਹੈ ਕਿ ਹਿੰਦੂ ਵੀਰਾਂ ਨੇ ਮੁਸਲਮਾਨਾਂ ਦੀ ਸਭਤੋਂ ਮਹੱਤਵਪੂਰਨ ਲੜਾਈ ਵਿਚ ਹੁਸੈਨ ਇਬਨ ਯਾਨੇ ਈਮਾਮ ਹੁਸੈਨ ਸਾਹਿਬ ਦੀ ਸਹਾਇਤਾ ਕੀਤੀ ਅਤੇ ਅਨੇਕ ਪੰਡਿਤਾਂ ਨੇ ਆਪਣੇ ਮੁਸਲਮਾਨ ਭਰਾਵਾਂ ਲਈ ਆਪਣੀਆਂ ਜਾਨਾ ਵਾਰੀਆਂ ਸਨ।


ਸਾਲ 1938 ਵਿਚ ਟੀ.ਪੀ. ਰੱਸਲ ਸਟ੍ਰੈਸੀ ਦੀ ਪੁਸਤਕ 'ਹਿਸਟਰੀ ਆਫ ਮੁਹਿਯਾਲਸ' ਅਨੁਸਾਰ ਪਵਿੱਤਰ ਇਸਲਾਮ ਦੀ ਰੱਖਿਆ ਲਈ ਹੋਈ ਕਰਬਲਾ ਦੀ ਲੜਾਈ ਦੌਰਾਨ ਉਸ ਵੇਲੇ ਕਰਬਲਾ ਵਿਚ 1400 ਬ੍ਰਾਹਮਣ ਰਹਿੰਦੇ ਸਨ। ਇਹਨਾਂ ਨੇ ਯਾਜੀਦ ਖ਼ਿਲਾਫ਼ ਇਮਾਮ ਸਾਹਿਬ ਦਾ ਸਾਥ ਦਿੱਤਾ। ਇਹਨਾਂ ਬ੍ਰਾਹਮਣ ਪਰਿਵਾਰਾਂ ਦੇ ਦਿੱਲੀ ਅਤੇ ਪੁਣੇ ਰਹਿਣ ਵਾਲੇ ਲੋਕ ਅੱਜ ਵੀ ਮੁਹੱਰਮ ਮਨਾਉਂਦੇ ਹਨ।


ਇਕ ਹੋਰ ਮਾਨਤਾ ਅਨੁਸਾਰ, ਪੰਡਿਤ ਰਾਹਿਬ ਸਿੱਧ ਦੱਤ ਦੇ ਕੋਈ ਸੰਤਾਨ ਨਹੀਂ ਸੀ ਅਤੇ ਉਹ ਸੰਤਾਨ ਦਾ ਅਸ਼ੀਰਵਾਦ ਲੈਣ ਲਈ ਹੁਸੈਨ ਇਬਨ ਅਲੀ ਕੋਲ ਗਏ। ਹੁਸੈਨ ਸਾਹਿਬ ਨੇ ਕਿਹਾ ਕਿ ਅੱਲਾਹ ਨੇ ਉਸਦੇ ਨਸੀਬ ਵਿਚ ਸੰਤਾਨ ਸੁੱਖ ਨਹੀਂ ਦਿੱਤਾ ਤਾਂ ਦੱਤ ਸਾਹਿਬ ਰੋਣ ਲੱਗ ਪਏ। ਉਹਨਾਂ ਦਾ ਦੁੱਖ ਦੇਖ ਕੇ ਹੁਸੈਨ ਸਾਹਿਬ ਨੇ ਇਕ-ਇਕ ਕਰਕੇ ਸੱਤ ਪੁੱਤਰਾਂ ਦਾ ਅਸ਼ੀਰਵਾਦ ਦਿੱਤਾ। ਇਹਨਾਂ ਸੱਤਾਂ ਪੁੱਤਰਾਂ ਨੇ ਕਰਬਲਾ ਦੀ ਲੜਾਈ ਦੌਰਾਨ ਹੁਸੈਨ ਸਾਹਿਬ ਅਤੇ ਉਹਨਾਂ ਦੇ ਪਰਿਵਾਰ ਅਤੇ 72 ਅਨੁਯਾਈਆਂ ਨਾਲ ਆਪਣਾ ਜੀਵਨ ਬਲਿਦਾਨ ਕੀਤਾ। ਮਾਨਤਾ ਹੈ ਕਿ ਜਿਸ ਜਗ੍ਹਾਂ ਤੇ ਦੱਤ ਪਰਿਵਾਰ ਰਹਿੰਦੇ ਸਨ ਉਸਨੂੰ ਦਾਯਰ-ਅਲ-ਹਿੰਡੀਆ ਆਖਿਆ ਜਾਂਦਾ ਸੀ, ਅੱਜ ਵੀ ਇਰਾਕ ਵਿਚ ਅਲ-ਹਿੰਡੀਆ ਡਿਸਟ੍ਰਿਕ ਮੌਜੂਦ ਹੈ। ਦੱਤ ਬ੍ਰਾਹਮਣ ਹੁਸੈਨ ਸਾਹਿਬ ਲਈ ਲੜੇ ਸਨ ਅਤੇ ਇਤਿਹਾਸ ਵਿਚ ਹੁਸੈਨੀ ਬ੍ਰਾਹਮਣ ਵੀ ਅਖਵਾਏ। ਕੁਝ ਲੋਕ ਇਹ ਵੀ ਮੰਨਦੇ ਹਨ ਕਿ ਹੁਸੈਨੀ ਬ੍ਰਾਹਮਣਾਂ ਨੂੰ ਹੁਸੈਨ ਸਾਹਿਬ ਨਾਲ ਬਹੁਤ ਮੁਹੱਬਤ ਸੀ, ਜਦੋਂ ਇਹਨਾਂ ਨੂੰ ਇਮਾਮ ਸਾਹਿਬ ਦੀ ਸ਼ਹਾਦਤ ਦਾ ਪਤਾ ਲੱਗਿਆ ਤਾਂ ਇਹਨਾਂ ਨੇ ਅਮੀਰ ਮੁਖਤਾਰ ਨਾਲ ਮਿਲ ਕੇ ਹੁਸੈਨ ਸਾਹਿਬ ਦੀ ਸ਼ਹਾਦਤ ਦਾ ਬਦਲਾ ਲਿਆ। ਰਾਹਿਬ ਿਸੱਧ ਦੱਤ ਸਾਹਿਬ ਕੂਫਾ ਸ਼ਹਿਰ ਜਾ ਰਹੀ ਯਾਜਿਦ ਦੀ ਫੌਜ਼ ਤੇ ਹਮਲਾ ਕਰਕੇ ਹੁਸੈਨ ਸਾਹਿਬ ਦਾ ਪਵਿੱਤਰ ਸਿਰ ਲੈ ਆਏ। ਯਾਜਿਦ ਦੀ ਫੌਜ਼ ਜਦੋਂ ਸਿਰ ਵਾਪਿਸ ਲੈਣ ਆਈ ਤਾਂ ਦੱਤ ਸਾਹਿਬ ਨੇ ਹੁਸੈਨ ਸਾਹਿਬ ਦੀ ਥਾਂ ਤੇ ਆਪਣੇ ਪੁੱਤਰਾਂ ਦਾ ਸਿਰ ਦੇ ਦਿੱਤਾ। ਕਹਾਣੀ ਜਾਂ ਇਤਿਹਾਸ ਕੁਝ ਵੀ ਹੋਵੇ ਪਰੰਤੂ ਇਹ ਤਾਂ ਯਕੀਨੀ ਹੈ ਕਿ ਹਿੰਦੂ-ਮੁਸਲਮਾਨਾਂ ਵਿਚ ਅਟੁੱਟਵਾਂ ਰਿਸ਼ਤਾ ਰਿਹਾ ਹੈ ਜੋ ਕੁਝ ਕਾਰਨਾਂ ਕਰਕੇ ਟਕਰਾਅ ਵਾਲਾ ਜ਼ਰੂਰ ਨਜ਼ਰ ਆਇਆ ਪਰੰਤੂ ਅੱਜ ਫੇਰ ਲੋੜ ਹੈ ਉਸੇ ਰਿਸ਼ਤੇ ਨੂੰ ਨਿਭਾਊਣ ਦੀ।


ਚੰਦ੍ਰ ਕੈਲੇਂਡਰ ਨਾਲ ਚਲਨ ਵਾਲੇ ਹਿਜ਼ਰੀ ਕੈਲੇਂਡਰ ਦੇ 9ਵੇਂ ਰਮਜਾਨ ਦੇ ਮਹੀਨੇ ਦੇ ਪੂਰੇ ਹੋਨ ਦੇ ਬਾਅਦ ਦਸਵੇਂ ਮਹੀਨੇ ਸ਼ੱਵਾਲ ਦੀ ਪਹਿਲੀ ਤਾਰੀਖ ਨੂੰ ਈਦ-ਉਲ-ਫਿਤਰ ਅਤੇ ਇਸਦੇ 70 ਦਿਨਾਂ ਬਾਅਦ ਈਦ-ਉਲ-ਅਜਾਹ ਦਾ ਤਿਓਹਾਰ ਆਉਂਦਾ ਹੈ। ਈਦ-ਉਲ-ਫਿਤਰ ਇਕ ਪ੍ਰਕਾਰ ਸ਼ੁਕਰਾਨੇ ਦਾ ਪਰਵ ਹੈ ਕਿ ਅੱਲਾਹ ਤਾਅਲਾ ਨੇ ਆਪਣੇ ਬੰਦਿਆਂ ਤੇ ਕਰਮ ਫਰਮਾਇਆ। ਈਦ ਦਾ ਅਰਥ ਹੈ ਖੁਸ਼ੀ, ਇਸਦੇ ਦੋ ਪਹਿਲੂ ਹੁੰਦੇ ਹਨ। ਪਹਿਲਾ ਅਧਿਆਤਮਿਕ ਅਤੇ ਦੂਸਰਾ ਸੰਸਕ੍ਰਿਤਿਕ। ਇਸਲਾਮ ਅਨੁਸਾਰ ਮਾਨਵ ਜੀਵਨ ਨੂੰ ਦੋ ਹਿੱਸਿਆਂ ਵਿਚ ਵੰਡਿਆ ਗਿਆ ਹੈ, ਪਹਿਲੀ ਤਾਂ ਮੌਤ ਤੋਂ ਪਹਿਲਾਂ ਅਤੇ ਦੂਸਰੀ ਮੌਤ ਤੋਂ ਬਾਅਦ ਦੀ ਜਿੰਦਗੀ। ਜਿੰਦਗੀ ਦੀ ਪਹਿਲੀ ਮਿਆਦ ਵਿਚ ਜੇਕਰ ਅੱਲਾਹ ਤਾਅਲਾ ਦੇ ਦੱਸੇ ਰਾਹ ਤੇ ਚਲੀਏ ਤਾਂ ਦੂਸਰੀ ਜਿੰਦਗੀ ਵਿਚ ਇਸਦਾ ਇਨਾਮ ਮਿਲਦਾ ਹੈ। ਇਸਲਾਮ ਵਿਚ ਇਸੇ ਕਾਰਨ ਰਮਜਾਨ ਅਤੇ ਈਦ ਦੇ ਚੰਨ ਦੀ ਮਹੱਤਵ ਹੈ। ਰਮਜਾਨ ਦਾ ਮਹੀਨਾ ਮਨੁੱਖ ਦੀ ਪਹਿਲੀ ਜਿੰਦਗੀ ਦੀ ਤਰ੍ਹਾਂ ਹੈ ਜਿਸ ਵਿਚ ਭੁੱਖ-ਪਿਆਸ, ਜੱਦੋ-ੜਹਿਦ ਦੇ ਨਾਲ ਪੂਰੀ ਸ਼ਿੱਦਤ ਨਾਲ ਜੀਉਣਾ ਹੈ ਅਤੇ ਈਦ ਦਾ ਚੰਨ ਦੂਸਰੀ ਜਿੰਦਗੀ ਦਾ ਪ੍ਰਤੀਕ ਹੈ। ਜਿਸ ਵਿਚ ਖੁਸ਼ੀਆਂ ਹੀ ਖੁਸ਼ੀਆਂ ਹਨ। ਈਦ ਇਕ ਅਲਾਮਤ ਹੈ ਕਿ ਅੱਲਾਹ ਦੇ ਦੱਸੇ ਹੋਏ ਰਾਹ ਤੇ ਚਲਨ ਦੇ ਅੱਗੇ ਖੁਸ਼ੀਆਂ ਹੀ ਖੁਸ਼ੀਆਂ ਅਤੇ ਬਰਕਤਾਂ ਹੀ ਬਰਕਤਾਂ ਹਨ। ਖੁਸ਼ੀ ਦੇ ਇਸ ਮੌਕੇ ਤੇ ਸਰਵਧਰਮ ਦੀ ਪਰਿਕਲਪਨਾ ਵੀ ਸ਼ਾਮਿਲ ਹੈ, ਜਿਸ ਨਾਲ ਮੁਰਾਦ ਹੈ ਕਿ ਕੇਵਲ ਮੁਸਲਿਮ ਰੋਜੇਦਾਰਾਂ ਨੂੰ ਹੀ ਨਹੀਂ ਬਲਕਿ ਗ਼ੈਰ-ਮੁਸਲਮਾਨਾਂ ਨੂੰ ਵੀ ਇਸ ਵਿਚ ਸ਼ਾਮਿਲ ਕਰਨਾ ਜ਼ਰੂਰੀ ਹੈ ਤਾਂ ਜੋ ਸਮਰਸ ਸਮਾਜ ਦੀ ਸਥਾਪਨਾ ਕੀਤੀ ਜਾ ਸਕੇ। ਇਸਲਾਮ ਵਿਚ ਇਕ ਸ਼ਰਤ ਹੈ ਕਿ ਜੇਕਰ ਆਪਣੀ ਖੁਸ਼ੀ ਵਿਚ ਪੜੌਸੀ ਜਾਂ ਦੂਸਰੇ ਧਰਮ ਦੇ ਲੋਕਾਂ ਨੂੰ ਸ਼ਾਮਿਲ ਨਹੀਂ ਕੀਤਾ ਜਾਂਦਾ ਤਾਂ ਤੁਹਾਡੀ ਖੁਸ਼ੀ ਕਿਸੇ ਕੰਮ ਦੀ ਨਹੀਂ ਹੈ।


ਈਦ ਦੇ ਚੰਨ ਨੂੰ ਦੇਖ ਕੇ ਇਸਲਾਮ ਦੇ ਸੰਸਥਾਪਕ ਹਜ਼ਰਤ ਮੁਹੰਮਦ ਸਾਹਿਬ ਨੇ ਕਿਹਾ ਸੀ ਕਿ 'ਹੇ ਅੱਲਾਹ ਇਸ ਚੰਨ ਨੂੰ ਤੂੰ ਅਮਨ ਦਾ ਚੰਨ ਬਣਾ ਦੇ।' ਈਦ ਦੀ ਦੁਆ ਦਾ ਅਰਥ ਹੈ ਕਿ ਅਮਨ ਲਈ ਦੁਆ, ਸ਼ਾਂਤੀ ਲਈ ਪ੍ਰਾਰਥਨਾ ਜੋ ਕਿਸੇ ਵੀ ਸਮਾਜ ਲਈ ਬਹੁਤ ਜ਼ਰੂਰੀ ਹੈ। ਇਸਲਾਮੀ ਤਾਰੀਖ ਵਿਚ ਦਰਜ ਹੈ ਕਿ ਹਜ਼ਰਤ ਸਾਹਿਬ ਨੇ 624 ਵਿਚ ਜੰਗ-ਏ-ਬਦਰ ਤੋਂ ਬਾਅਦ ਪਹਿਲੀ ਈਦ ਮਨਾਈ ਉਦੋਂ ਤੋਂ ਹੀ ਇਸ ਤਿਓਹਾਰ ਦੀ ਸ਼ੁਰੂਆਤ ਹੋਈ। ਯਾਨੇ ਜੰਗ ਤੋਂ ਬਾਅਦ ਸ਼ਾਂਤੀ ਸਥਾਪਨਾ ਤੋਂ ਬਾਅਦ ਈਦ ਦੀ ਸ਼ੁਰੂਆਤ ਹੋਈ।


ਦੇਖਿਆ ਜਾਵੇ ਤਾਂ ਕਿੰਨੀ ਸਮਾਨਤਾ ਹੈ ਦਿਵਾਲੀ ਅਤੇ ਈਦ ਵਿਚ। ਦੀਵਾਲੀ ਵੀ ਦੁਸ਼ਹਿਰੇ ਤੋਂ ਬਾਅਦ ਮਨਾਈ ਜਾਂਦੀ ਹੈ, ਦੁਸ਼ਹਿਰਾ ਪ੍ਰਤੀਕ ਹੈ ਭਗਵਾਨ ਸ਼੍ਰੀ ਰਾਮ ਅਤੇ ਰਾਵਣ ਵਿਚਕਾਰ ਯੁੱਧ ਦਾ, ਸੱਚਾਈ ਦੀ ਜਿੱਤ ਦਾ। ਇਸਦੇ ਬਾਅਦ ਸ਼ਾਂਤੀ ਸਥਾਪਨਾ ਹੋਈ ਅਤੇ ਲੋਕਾਂ ਨੇ ਅਯੁੱਧਿਆ ਪਰਤਨ ਤੇ ਭਗਵਾਨ ਸ਼੍ਰੀਰਾਮ ਦਾ ਸਵਾਗਤ ਕੀਤਾ ਅਤੇ ਖੁਸ਼ੀਆਂ ਮਨਾਈਆਂ। ਦੇਸ਼ ਅੰਦਰ ਰਾਮ ਰਾਜ ਦੀ ਸਥਾਪਨਾ ਹੋਈ। ਇਸਲਾਮ ਵਿਚ ਵੀ ਈਦ ਦੀ ਸ਼ੁਰੂਆਤ ਜੰਗ ਤੋਂ ਬਾਅਦ ਸਥਾਪਿਤ ਹੋਈ ਸ਼ਾਂਤੀ ਦੀ ਸਥਾਪਨਾ ਦੇ ਬਾਅਦ ਹੋਈ। ਦੁਨੀਆ ਅੰਦਰ ਇਸਲਾਮ ਦਾ ਪ੍ਰਕਾਸ਼ ਫੈਲਿਆ।
ਦੂਸਰੇ ਪਾਸੇ ਮੌਜੂਦਾ ਸਮੇਂ ਵਿਚ ਦੁਨੀਆ ਅੰਦਰ ਚਲ ਰਹੇ ਕੋਰੋਨਾ ਦੇ ਖਤਰੇ ਨੇ ਮਾਂਸਾਹਾਰੀ ਭੋਜਨ ਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ। ਮਾਂਸਾਹਾਰ ਅਤੇ ਜੰਗਲਾਂ ਦੀ ਕਟਾਈ ਕਾਰਨ ਜਾਨਵਰਾਂ ਅਤੇ ਮਨੁੱਖਾਂ ਵਿਚ ਸੰਪਰਕ ਵਧ ਰਿਹਾ ਹੈ। ਇਸ ਨਾਲ ਜਾਨਵਰਾਂ ਦੀਆਂ ਬੀਮਾਰੀਆਂ ਮਨੁੱਖ ਨੂੰ ਬੀਮਾਰ ਕਰ ਰਹੀਆਂ ਹਨ। ਪਲੇਗ, ਸਾਰਸ, ਇਬੋਲਾ, ਏਡਸ ਅਤੇ ਹੁਣ ਕੋਰੋਨਾ ਵਰਗੀਆਂ ਨਾਮੁਰਾਦ ਬੀਮਾਰੀਆਂ ਲੱਖਾਂ-ਕਰੋੜਾਂ ਲੋਕਾਂ ਦੀ ਜ਼ਿੰਦਗੀਆਂ ਲੀਲ ਚੁਕੀਆਂ ਹਨ। ਇਹ ਸਾਰੀਆਂ ਬੀਮਾਰੀਆਂ ਸਾਨੂੰ ਜਾਨਵਰਾਂ ਤੋਂ ਹੀ ਮਿਲੀਆਂ ਹਨ। ਜਦੋਂ ਕੋਈ ਮਨੁੱਖ ਮਾਂਸ ਦੀ ਵਰਤੋਂ ਕਰਦਾ ਹੈ ਜਾਂ ਜਾਨਵਰ ਦੇ ਸੰਪਰਕ ਵਿਚ ਆਉਂਦਾ ਹੈ ਤਾਂ ਉਸਦੀਆਂ ਬੀਮਾਰੀਆਂ ਸਿੱਧੇ ਤੌਰ ਤੇ ਮਨੁੱਖ ਨੂੰ ਸੰਕ੍ਰਮਿਤ ਕਰਦੀਆਂ ਹਨ। ਅਜਿਹੇ ਸਮੇਂ ਵਿਚ ਜ਼ਰੂਰੀ ਹੋ ਗਿਆ ਹੈ ਕਿ ਮਨੁੱਖ ਸ਼ਾਕਾਹਾਰ ਨੂੰ ਅਪਣਾਵੇ, ਜੋ ਕਿ ਉਸਦੀ ਸੁਭਾਵਿਕ ਪ੍ਰਕ੍ਰਿਤੀ ਵੀ ਹੈ। ਇਸੇ ਮਹੌਲ ਨੂੰ ਦੇਖਦਿਆਂ ਦੁਨੀਆ ਅੰਦਰ ਈਕੋ ਫ੍ਰੈਂਡਲੀ ਈਦ ਦੀ ਛਿੜੀ ਚਰਚਾ ਨੇ ਸਾਬਿਤ ਕਰ ਦਿੱਤਾ ਹੈ ਕਿ ਧਰਮ ਗੁਰੂਆਂ ਅਤੇ ਸਿਆਸੀ ਆਗੂਆਂ ਦੇ ਬਿਨਾ ਵੀ ਸਮਾਜ ਦੇ ਅੰਦਰ ਸੁਧਾਰ ਦੀ ਲਹਿਰ ਸ਼ੁਰੂ ਹੋ ਸਕਦੀ ਹੈ। ਇਸਲਾਮਿਕ ਧਰਮ ਗੁਰੂਆਂ, ਬੁੱਧੀਜੀਵੀਆਂ, ਸਮਾਜਿਕ ਨੇਤਾਵਾਂ, ਲਿਖਾਰੀਆਂ ਦੀ ਜ਼ਿੰਮੇਵਾਰੀ ਹੈ ਕਿ ਉਹ ਮਜ਼ਹਬੀ ਪਰੰਪਰਾਵਾਂ ਅਤੇ ਰੀਤੀ-ਰਿਵਾਜਾਂ ਦੀ ਸਮੇਂ ਦੇ ਅਨੁਕੂਲ ਵਿਆਖਿਆ ਕਰੇ। ਖੁਸ਼ੀ ਦੀ ਗੱਲ ਹੈ ਕਿ ਭਾਰਤ ਦੇ ਮੁਸਲਿਮ ਸਮਾਜ ਨੇ ਸੁਧਾਰਵਾਦੀ ਲਹਿਰ ਵਿਚ ਪੂਰੀ ਦੁਨੀਆ ਨੂੰ ਨਵਾਂ ਰਾਹ ਦਿਖਾਉਣ ਦਾ ਕੰਮ ਕੀਤਾ ਹੈ। ਵੇਦਾਂ ਦਾ ਫਾਰਸੀ ਵਿਚ ਅਨੁਵਾਦ ਕਰਵਾਉਣ ਵਾਲੇ ਦਾਰਾ ਸ਼ਿਕੋਹ, ਕ੍ਰਿਸ਼ਨ ਭਗਤ ਰਹੀਮ, ਰਸਖਾਨ, ਸ਼੍ਰੀ ਹਰਿ ਮੰਦਰ ਸਾਹਿਬ ਦੀ ਨੀਂਹ ਰਖਣ ਵਾਲੇ ਸਾਈਂ ਮੀਆਂ ਮੀਰ, ਮਿਸਾਈਲ ਮੈਨ ਏ.ਪੀ.ਜੇ. ਅਬਦੁੱਲ ਕਲਾਮ ਜਿਹੇ ਹਜ਼ਾਰਾਂ ਮੁਸਲਿਮ ਵਿਦਵਾਨਾਂ ਅਤੇ ਆਗੂਆਂ ਨੇ ਸਮੇਂ-ਸਮੇਂ ਤੇ ਸਮਾਜ ਦਾ ਮਾਰਗਦਰਸ਼ਨ ਕੀਤਾ ਹੈ ਅਤੇ ਭਾਰਤ ਵਿਚ ਇਕ ਇਹੋ-ਜਿਹੇ ਇਸਲਾਮ ਦੀ ਸਿਰਜਨਾ ਕੀਤੀ ਹੈ ਜੋ ਦੁਨੀਆ ਦੇ ਬਾਕੀ ਮੁਲਕਾਂ ਦੇ ਇਸਲਾਮ ਦੇ ਉਲਟ ਕੱਟੜਤਾਂ ਤੋ ਦੂਰ ਹੈ। ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਸਾਡਾ ਮੁਸਲਿਮ ਸਮਾਜ ਈਕੋ ਫ੍ਰੈਂਡਲੀ ਈਦ ਨੂੰ ਅਪਣਾ ਕੇ ਇਸ ਤਿਉਹਾਰ ਦੀ ਵੀ ਇਹੋ-ਜਿਹੀ ਵਿਆਖਿਆ ਕਰੇਗਾ ਕਿ ਜਿਸ ਨਾਲ ਹਰ ਜ਼ੁਬਾਨ ਕਹੇਗੀ, ਈਦ ਮੁਬਾਰਕ। ਸਾਡੇ ਤਿਉਹਾਰ ਅਸਲ ਵਿਚ ਛੋਟੇ-ਛੋਟੇ ਪਰੰਤੂ ਮਜ਼ਬੂਤ ਧਾਗੇ ਹਨ ਸਮਾਜ ਨੂੰ ਆਪਸ ਵਿਚ ਬੰਨਣ ਲਈ। ਈਦ ਏਕੇ ਦਾ ਮਜ਼ਬੂਤ ਸੂਤਰ ਹੈ।


- ਰਾਕੇਸ਼ ਸੈਨ
32, ਖੰਡਾਲਾ ਫਾਰਮਿੰਗ ਕਲੋਨੀ
ਵੀਪੀਓ ਲਿਦੜਾਂ,
ਜਲੰਧਰ।
ਮੋ. 77106-55605

No comments:

Post a Comment

कांग्रेस और खालिस्तान में गर्भनाल का रिश्ता

माँ और सन्तान के बीच गर्भनाल का रिश्ता ही ऐसा होता है, कि प्रसव के बाद शरीर अलग होने के बावजूद भी आत्मीयता बनी रहती है। सन्तान को पीड़ा हो त...