ਵੋ ਦੀਨ-ਏ-ਇਲਾਹੀ ਕਾ ਬੇਬਾਕ ਬੇੜਾ।
ਨਿਸ਼ਾਂ ਜਿਸਕਾ ਅਕਸਾਏ ਆਲਮ ਮੇਂ ਪਹੁੰਚਾ।
ਮਜ਼ਾਹਮ ਹੁਆ ਕੋਈ ਖਤਰਾ ਨਾ ਜਿਸਕਾ।
ਨਾ ਅੰਮਾ ਮੇਂ ਠਿਠਕਾ ਨਾ ਕੁਲਜਮ ਮੇਂ ਝਿਝਕਾ।
ਕੀਏ ਪੈ ਸਿਪਰ ਜਿਸਨੇ ਸਾਤੋਂ ਸਮੰਦਰ।
ਵੋਹ ਡੂਬਾ ਦਹਾਨੇ ਮੇਂ ਗੰਗਾ ਕੇ ਆ ਕਰ।
ਪੰਜ ਅਗਸਤ ਦਾ ਦਿਨ ਹੈ ਸਰਯੂ ਦੇ ਦਹਾਨੇ ਵਿਚ ਬਾਬਰੀ ਬੇੜੇ ਦੇ ਗਰਕਨ ਦਾ, ਸੁਨੇਹਾ ਹੈ 'ਏਕਮ ਸਦ ਵਿਪ੍ਰਹ ਬਹੁਦਾ ਵਦੰਤੀ' ਦੇ ਸਨਾਤਨ ਸਿਧਾਂਤ ਦੀ ਜਿੱਤ ਦਾ। ਇਕ ਵਾਰੀ ਫੇਰ ਸਾਬਿਤ ਹੋ ਰਿਹਾ ਹੈ ਕਿ ਨਾ ਤਾਂ ਤਲਵਾਰ ਦੇ ਜ਼ੋਰ ਤੇ ਅਤੇ ਨਾ ਹੀ ਕਿਸੇ ਹੋਰ ਤਰ੍ਹਾਂ ਪੂਰੀ ਦੁਨੀਆ ਨੂੰ ਇਕ ਹੀ ਮਜ਼ਹਬ ਦੇ ਰੰਗ ਵਿਚ ਰੰਗਿਆ ਨਹੀਂ ਜਾ ਸਕਦਾ। ਦੁਨੀਆ ਅੰਦਰ ਪਹਿਲੀ ਮਸਜਿਦ ਬਨਾਉਣ ਵਾਲੇ ਕੇਰਲ ਦੇ ਹਿੰਦੂ ਰਾਜਾ ਚੇਰਾਮਨ ਪੇਰੁਮਲ ਅਤੇ ਉਪਨਿਸ਼ਦਾਂ ਦਾ ਫਾਰਸੀ ਅੰਦਰ ਅਨੁਵਾਦ ਕਰਵਾਉਨ ਵਾਲੇ ਦਾਰਾ ਸ਼ਿਕੋਹ ਦੀ ਧਰਤੀ ਭਾਰਤ ਦੀ ਇਹ ਸਾਫ਼ਗੋਈ ਹੈ ਕਿ ਇੱਥੇ ਇਸਲਾਮ ਨੂੰ ਲੈ ਕੇ ਕਾਸਿਮ-ਬਾਬਰ ਦੀ ਖ਼ੂਨੀ ਵਿਆਖਿਆ ਨਹੀਂ ਚੱਲੇਗੀ। ਉਕਤ ਸ਼ੇਅਰ ਵਿਚ ਮੌਲਾਨਾ ਅਲਤਾਫ ਹਾਲੀ ਨੇ ਇਸੇ ਹਮਲਾਵਰ ਵਿਚਾਰਧਾਰਾ ਦੀ ਭਾਰਤ ਅੰਦਰ ਹੋਈ ਹਾਰ ਦਾ ਜਿਕਰ ਕਰਦੇ ਹੋਏ ਕਿਹਾ ਹੈ ਕਿ 'ਅਰਬ ਦੇਸ਼ ਦਾ ਉਹ ਦਬੰਗ ਬੇੜਾ ਜਿਸਦੀ ਪਤਾਕਾ ਪੂਰੀ ਦੁਨੀਆ ਅੰਦਰ ਲਹਿਰਾਈ। ਕੋਈ ਵੀ ਡਰ ਉਸਨੂੰ ਰੋਕ ਨਾ ਸਕਿਆ। ਜੋ ਨਾ ਬਲੂਚੀਸਤਾਨ, ਮੱਧ ਅੰਮਾਨ ਦੀ ਖਾੜੀ ਵਿਚ ਠਿਠਕਿਆ ਅਤੇ ਜੋ ਲਾਲ ਸਾਗ਼ਰ ਵਿਚ ਵੀ ਨਹੀਂ ਝਿਝਕਿਆ। ਜਿਸਨੇ ਸੱਤ ਸਮੁੰਦਰ ਤਲਵਾਰ ਦੇ ਜ਼ੋਰ ਤੇ ਆਪਣੇ ਅਧੀਨ ਕਰ ਲਏ, ਦੀਨ-ਏ-ਹਜਾਜੀ ਦਾ ਉਹ ਬੇੜਾ ਗੰਗਾ ਦੇ ਦਹਾਨੇ ਵਿਚ ਆ ਕੇ ਦਰਕ ਗਿਆ।' ਕਿਸੇ ਸਮੇਂ ਇਹ ਗੰਗਾ ਵਿਚ ਦਰਕਿਆ ਹੋਵੇਗਾ ਪਰੰਤੂ ਅੱਜ ਇਹ ਬੇੜਾ ਸਰਯੂ ਵਿਚ ਜਲਸਮਾਧੀ ਲੈਂਦਾ ਦਿਸ ਰਿਹਾ ਹੈ।
21 ਮਾਰਚ, 1528 ਨੂੰ ਮੁਗ਼ਲ ਧਾੜਵੀ ਬਾਬਰ, ਬਾਬਾ ਨਾਨਕ ਦੇ ਸ਼ਬਦਾਂ ਵਿਚ 'ਜ਼ਾਬਰ' ਦੇ ਸੈਨਾਪਤੀ ਮੀਰ ਬਾਕੀ ਨੇ ਤੋਪਾਂ ਨਾਲ ਅਯੁੱਧਿਆ ਵਿਚ ਮੌਜੂਦ ਸ਼੍ਰੀ ਰਾਮ ਮੰਦਰ ਨੂੰ ਢਹਿ ਢੇਰੀ ਕਰ ਦਿੱਤਾ। ਉਸਤੋਂ ਬਾਅਦ ਇਸ ਮੰਦਰ ਦੀ ਮੁਕਤੀ ਲਈ 76 ਯੁੱਧ ਲੜੇ ਜਾ ਚੁਕੇ ਹਨ ਅਤੇ ਦੱਸਿਆ ਜਾਂਦਾ ਹੈ ਕਿ ਇਹਨਾਂ ਲੜਾਈਆਂ ਵਿਚ ਸੱਤ ਲੱਖ ਰਾਮ ਭਗਤਾਂ ਨੇ ਆਪਣੇ ਜੀਵਨ ਦਾ ਬਲਿਦਾਨ ਕੀਤਾ। ਕਿਸੇ ਆਸਥਾ ਸਥਲ ਦੀ ਮੁਕਤੀ ਲਈ ਪੂਰੀ ਦੁਨੀਆ ਅੰਦਰ ਇਹ ਸਭਤੋਂ ਲੰਬਾ ਅਤੇ ਖੂਨੀ ਸੰਘਰਸ਼ ਕਿਹਾ ਜਾ ਸਕਦਾ ਹੈ। ਯਹੂਦੀਆਂ ਨੇ ਆਪਣੇ ਪਵਿੱਤਰ ਸ਼ਹਿਰ ਯਰੂਸ਼ਲਮ ਦੀ ਅਜ਼ਾਦੀ ਲਈ 1600 ਸਾਲ ਸੰਘਰਸ਼ ਕੀਤਾ। ਸੰਘਰਸ਼ ਵਿਚ ਜਿੱਤ ਪ੍ਰਤੀ ਯਹੂਦੀਆਂ ਦੇ ਯਕੀਨ ਦੀ ਹੀ ਉਦਾਹਰਣ ਹੈ ਕਿ ਜਦੋਂ ਵੀ ਕੋਈ ਯਹੂਦੀ ਇਕ ਦੂਸਰੇ ਤੋਂ ਵਿਦਾਈ ਲੈਂਦਾ ਤਾਂ ਆਖਦਾ ਸੀ ਕਿ 'ਅਗਲੀ ਵਾਰ ਯਰੂਸ਼ਲਮ ਵਿਚ ਮਿਲਾਂਗੇ।' ਇਤਿਹਾਸ ਗਵਾਹ ਹੈ ਕਿ ਉਹਨਾਂ ਦੇ ਅਤੁੱਟ ਵਿਸ਼ਵਾਸ ਨੇ ਮੂਰਤ ਰੂਪ ਲਿਆ ਅਤੇ ਹਮਲਾਵਰ ਦੇਸ਼ਾਂ ਦੀ ਛਾਤੀ Àੱਤੇ ਇਸਰਾਈਲ ਨਾਂ ਦਾ ਯਹੂਦੀਆਂ ਦਾ ਆਪਣਾ ਦੇਸ਼ ਬਣਿਆ, ਜੋ ਆਕਾਰ ਵਿਚ ਛੋਟਾ ਹੋਣ ਦੇ ਬਾਵਜੂਦ ਨਾ ਕੇਵਲ ਵਿਕਸਿਤ ਦੇਸ਼ਾਂ ਵਿਚ ਸ਼ਾਮਿਲ ਹੈ ਬਲਕਿ ਇਕ ਸ਼ਕਤੀਸ਼ਾਲੀ ਦੇਸ਼ ਵੀ ਹੈ। ਸ਼੍ਰੀਰਾਮ ਮੰਦਰ ਸੰਘਰਸ਼ ਵਿਚ ਜਿੱਤ ਪ੍ਰਤੀ ਇਸੇ ਤਰ੍ਹਾਂ ਦੇ ਯਕੀਨ ਅਤੇ ਆਤਮ ਵਿਸ਼ਵਾਸ ਦਾ ਪ੍ਰਗਟਾਵਾ ਭਾਰਤੀਆਂ ਨੇ ਵੀ ਕੀਤਾ ਹੈ। ਜੋ ਯਹੂਦੀਆਂ ਦੀ ਤਰ੍ਹਾਂ ਆਖਦੇ ਸਨ ਕਿ 'ਸੌਗੰਧ ਰਾਮ ਕੀ ਖਾਤੇ ਹੈੰ-ਹਮ ਮੰਦਿਰ ਵਹੀਂ ਬਣਾਏਂਗੇ।' ਕੋਈ ਇੰਨਾ ਸੋਖਾ ਨਹੀਂ ਸੀ ਇਸ ਸੰਕਲਪ ਨੂੰ ਪੂਰਾ ਕਰਨਾ, ਜਿੱਥੇ ਆਪਣੇ ਹੀ ਸਮਾਜ ਅੰਦਰ ਫੁੱਟ ਸੀ ਤਾਂ ਦੂਸਰੇ ਪਾਸੇ ਮੁਲਾਇਮ ਸਿੰਘ ਯਾਦਵ ਜਿਹੇ ਸੈਂਕੜੇ ਅਖੌਤੀ ਸੈਕੂਲਰ ਲੋਕ ਵੀ ਸਨ ਜਿਨ੍ਹਾਂ ਨੇ ਰਾਮ ਭਗਤਾਂ ਦੇ ਖੂਨ ਨਾਲ ਸਰਯੂ ਨਦੀ ਲਾਲ ਕਰ ਦਿੱਤੀ। ਵਿਅੰਗ ਕਰਨ ਵਾਲੇ ਆਖਿਆ ਕਰਦੇ ਸਨ ਕਿ 'ਮੰਦਰ ਵਹੀਂ ਬਨਾਏਂਗੇ-ਪਰ ਤਾਰੀਖ ਨਹੀਂ ਬਤਾਏਂਗੇ।' ਪਰੰਤੂ ਸਮਾਜ ਦੇ ਸੰਕਲਪ ਅਤੇ ਸੰਘਰਸ਼ ਨੇ ਅਸੰਭਵ ਕੰਮ ਨੂੰ ਸੰਭਵ ਕਰ ਦਿਖਾਇਆ ਹੈ।
ਸ਼੍ਰੀ ਰਾਮ ਮੰਦਰ ਲਈ ਪੰਜ ਸ਼ਤਾਬਦੀਆਂ ਤਕ ਚੱਲਿਆ ਅੰਦੋਲਨ ਕੋਈ ਸਧਾਰਣ ਸੰਘਰਸ਼ ਨਹੀਂ, ਬਲਕਿ ਜਿੰਦਾ ਇਤਿਹਾਸ ਹੈ ਹਿੰਦੂ ਸਮਾਜ ਦੇ ਨਿਸ਼ਚੇ ਅਤੇ ਸ਼ੂਰਵੀਰਤਾ ਦਾ। ਅੱਜ ਲੋੜ ਹੈ ਮੰਦਰ ਲਈ ਹੋਏ ਸੰਘਰਸ਼ ਨਾਲ ਜੁੜੀ ਹਰ ਵਸਤੂ ਨੂੰ ਸਹੇਜ ਕੇ ਰੱਖਣ ਦੀ। ਮੰਦਰ ਦੀ ਖੁਦਾਈ ਵਿਚੋਂ ਨਿਕਲੇ ਅਵਸ਼ੇਸ਼ ਅਤੇ ਹੋਰ ਵਸਤੂਆਂ ਕਿਸੇ ਮਿਉਜ਼ੀਅਮ ਵਿਚ ਸਾਂਭ ਕੇ ਰਖੀਆਂ ਜਾਣੀਆਂ ਚਾਹੀਦੀਆਂ ਹਨ। ਇਹ ਸਾਡੇ ਇਤਿਹਾਸ ਦੀ ਸਭਤੋਂ ਵੱਡਮੁੱਲੀ ਧਰੋਹਰਾਂ ਵਿਚੋਂ ਇਕ ਹੈ। ਆਉਣ ਵਾਲੀ ਪੀੜ੍ਹੀ ਨੂੰ ਦੱਸਿਆ ਜਾਣਾ ਚਾਹੀਦਾ ਹੈ ਕਿ ਕਿਸ ਤਰ੍ਹਾਂ ਇਕ ਸਮਾਜ ਨੇ ਪੰਜ ਸੌ ਸਾਲ ਸੰਘਰਸ਼ ਕਰਕੇ ਜਿੱਤ ਪ੍ਰਾਪਤ ਕੀਤੀ, ਕਿਨੇ ਬਲਿਦਾਨ ਕੀਤੇ, ਕਿਨੇ ਤਸੀਹੇ ਝੱਲੇ। ਲੋਕ ਮਰੇ-ਖਪੇ, ਡਿੱਗੇ-ਖੜ੍ਹੇ ਹੋਏ, ਕਦੇ ਅੱਗੇ ਵਧੇ ਤੇ ਕਦੇ ਪਿੱਛਾਂਹ ਹਟੇ, ਮਾਰਿਆ-ਮਰੇ ਲੇਕਿਨ ਲੜਨਾ ਨਹੀਂ ਛੱਡਿਆ। ਔਖੇ ਹਾਲਾਤਾਂ ਵਿਚ ਵੀ ਜਿੱਤਣ, ਅੰਤਿਮ ਜਿੱਤ ਹਾਸਿਲ ਕਰਨ, ਸਮਾਜ ਨੂੰ ਜੀਵੰਤ ਬਨਾਉਣ, ਸੰਗਠਿਤ ਕਰਨ ਦੀ ਕਿਸੇ ਨੇ ਕਲਾ ਸਿਖਨੀ ਹੋਵੇ ਤਾਂ ਉਸ ਲਈ ਰਾਮ ਮੰਦਰ ਅੰਦੋਲਨ ਤੋਂ ਵੱਡੀ ਕੋਈ ਮਿਸਾਲ ਨਹੀਂ ਮਿਲ ਸਕਦੀ।
ਪੰਜ ਅਗਸਤ ਦਾ ਦਿਨ ਉਹਨਾਂ ਲੋਕਾਂ ਲਈ ਵੀ ਸਬਕ ਹੈ ਜੋ ਗ਼ਜ਼ਵਾ-ਏ-ਹਿੰਦ ਜਿਹੇ ਸ਼ੇਖਚਿੱਲੀ ਦੇ ਸੁਪਣੇ ਦੇਖਦੇ ਹਨ। ਖੱਬੇਪੱਖੀ ਵਿਚਾਰਕ ਕਾਰਲ ਮਾਰਕਸ ਲਿਖਦੇ ਹਨ ਕਿ 'ਜੇਕਰ ਵਿਜੇਤਾ ਲੋਕਾਂ ਦੀ ਸੰਸਕ੍ਰਿਤੀ ਜਿਆਦਾ ਵਿਕਸਿਤ ਨਾ ਹੋਵੇ ਤਾਂ ਉਹਨਾਂ ਦੀ ਹੀ ਸੰਸਕ੍ਰਿਤੀ ਹਾਵੀ ਹੋ ਜਾਂਦੀ ਹੈ ਜਿਸਨੂੰ ਜਿੱਤਿਆ ਗਿਆ ਹੈ।' ਭਾਰਤ ਅੰਦਰ ਅਰਬ, ਤੁਰਕ, ਪਠਾਨ, ਮੁਗ਼ਲ ਜੋ ਵੀ ਆਇਆ ਉਸਦਾ ਹਿੰਦੂਕਰਨ ਹੋ ਗਿਆ। ਅਰਬ ਤੋਂ ਉਠੇ ਜਿਹਾਦੀ ਭਾਰਤ ਅੰਦਰ ਮੂਰਤੀ ਪੂਜਕਾਂ (ਉਹਨਾਂ ਦੀ ਜ਼ੁਬਾਨ ਵਿਚ ਬੁੱਤਪ੍ਰਸਤਾਂ) ਨੂੰ ਏਕੇਸ਼ਵਰਵਾਦ ਦਾ ਪਾਠ ਪੜ੍ਹਾਉਣ ਆਏ ਸਨ, ਪਰੰਤੂ ਇੱਥੇ ਆ ਕੇ ਉਹਨਾਂ ਨੇ ਦੇਖਿਆ ਕਿ ਜਿਨ੍ਹਾਂ ਨੂੰ ਉਹ ਸਿਖਾਉਣ ਆਏ ਹਨ ਉਹ ਤਾਂ ਗਿਆਨ-ਵਿਗਿਆਨ ਦੇ ਖੇਤਰ ਵਿਚ ਪਹਿਲਾਂ ਹੀ ਉਹਨਾਂ ਨਾਲੋਂ ਕੋਹਾਂ ਅੱਗੇ ਹਨ। ਇੱਥੇ ਆ ਕੇ ਉਹਨਾਂ ਨੂੰ ਅਹਿਸਾਸ ਹੋਇਆ ਕਿ ਸੱਲਲਾਹ ਵਾਲੇ ਵਸੱਲਮ ਨਬੀ ਸਾਹਿਬ ਇੰਜ ਹੀ ਨਹੀਂ ਫਰਮਾਉਂਦੇ ਸਨ ਕਿ 'ਭਾਰਤ ਤੋਂ ਮੈਨੂੰ ਠੰਡੀ ਹਵਾ ਆ ਰਹੀ ਹੈ।' ਇਹ ਹੀ ਵਜ੍ਹਾ ਹੈ ਕਿ ਬਗ਼ਦਾਦ ਦੇ ਖ਼ਲੀਫ਼ਾ ਸਮੇਂ-ਸਮੇਂ ਤੇ ਹਿੰਦੂ ਵਿਦਵਾਨਾਂ ਨੂੰ ਆਪਣੇ ਇੱਥੇ ਬੁਲਾ ਕੇ ਸੰਨਮਾਨਿਤ ਕਰਿਆ ਕਰਦੇ ਸਨ। ਅਰਬ ਅਤੇ ਭਾਰਤ ਵਿਚਕਾਰ ਗਿਆਨ-ਵਿਗਿਆਨ ਦਾ ਅਦਾਨ ਪ੍ਰਦਾਨ ਹੋਣਾ ਸ਼ੁਰੂ ਹੋਆ। ਧਾੜਵੀ ਗਜ਼ਨਵੀ ਦੇ ਨਾਲ ਆਏ ਫਾਰਸੀ ਦੇ ਵਿਦਵਾਨ ਅਲਬੇਰੂਨੀ ਨੇ ਕਸ਼ਮੀਰ ਅੰਦਰ ਸੰਸਕ੍ਰਿਤ ਦੀ ਸਿੱਖਿਆ ਲਈ ਅਤੇ ਹਿੰਦੂ ਧਰਮ ਗ੍ਰੰਥਾਂ ਦਾ ਅਧਿਐਨ ਕੀਤਾ। ਆਪਣੇ ਅਨੁਭਵ ਦੇ ਅਧਾਰ ਤੇ ਉਹਨਾਂ ਨੇ ਬਾਅਦ ਵਿਚ ਜੋ ਕਿਤਾਬਾਂ ਲਿਖੀਆਂ ਉਸ ਵਿਚ ਭਾਰਤੀਆਂ ਦੀ ਭੂਰੀ-ਭੂਰੀ ਪ੍ਰਸ਼ੰਸਾ ਕੀਤੀ।
ਇਸ ਤਰ੍ਹਾਂ ਦੇ ਇਕ-ਦੋ ਨਹੀਂ ਬਲਕਿ ਕਈ ਉਦਾਹਰਣ ਹਨ ਜਦੋਂ ਹਮਲਾਵਰ ਭਾਰਤ ਅੰਦਰ ਕਿਸੇ ਹੋਰ ਉਦੇਸ਼ ਨਾਲ ਆਏ ਪਰੰਤੂ ਇੱਥੇ ਆਕੇ ਉਹ ਭਾਰਤੀ ਸੰਸਕ੍ਰਿਤੀ ਨਾਲ ਇੱਕ-ਮਿੱਕ ਹੋ ਗਏ। ਇਕਬਾਲ ਨੇ ਕਿਹਾ ਸੀ ਕਿ 'ਕੁਛ ਬਾਤ ਹੈ ਕਿ ਮਿਟਤੀ ਨਹੀਂ ਹਸਤੀ ਹਮਾਰੀ,' ਇਸ ਪੰਕਤੀ ਵਿਚ ਇਕਬਾਲ ਜਿਸ 'ਬਾਤ' ਬਾਰੇ ਦਸ ਰਹੇ ਹਨ ਉਹ ਭਾਰਤ ਦੀ ਸੰਸਕ੍ਰਿਤੀ ਹੀ ਹੈ, ਜੋ ਹਜ਼ਾਰਾਂ ਸਾਲਾਂ ਦੇ ਵਿਦੇਸ਼ੀ ਹਮਲਿਆਂ ਦੇ ਬਾਵਜੂਦ ਪਰਾਸਤ ਨਹੀਂ ਹੋਈ। ਅੱਜ ਉਹੀ ਸਰਵਸਮਾਵੇਸ਼ੀ, ਸਾਰੀਆਂ ਆਸਥਾਵਾਂ ਦਾ ਸੰਨਮਾਨ ਕਰਨ ਵਾਲੀ, ਹਰ ਪਦ ਦਲਿਤ ਨੂੰ ਆਸਰਾ ਦੇਣ ਵਾਲੀ, ਸਰਬੱਤ ਦਾ ਭਲਾ ਮੰਗਣ ਵਾਲੀ ਸੰਸਕ੍ਰਿਤੀ ਦੀ ਜਿੱਤ ਦਾ ਪਰਵ ਹੈ, ਸ਼੍ਰੀ ਰਾਮ ਮੰਦਰ ਦਾ ਸ਼ੁਰੂ ਹੋਨਾ। ਸ਼੍ਰੀ ਰਾਮ ਮੰਦਰ ਤੇ ਆਏ ਸੁਪ੍ਰੀਮ ਕੋਰਟ ਦੇ ਫੈਸਲੇ ਦਾ ਹਿੰਦੂ-ਮੁਸਲਿਮ ਸਮੇਤ ਸਮਾਜ ਦੇ ਸਾਰੇ ਵਰਗਾਂ ਨੇ ਸਵਾਗਤ ਕੀਤਾ ਉਸ ਨਾਲ ਇਹ ਹੀ ਸੁਨੇਹਾ ਗਿਆ ਕਿ ਦੇਸ਼ ਦਾ ਮੁਸਲਮਾਨ ਅੱਲਾਹ ਦੇ ਇਸਲਾਮ ਨੂੰ ਮੰਨਣ ਵਾਲਾ ਹੈ ਨਾ ਕਿ ਕਿਸੇ ਧਾੜਵੀ ਵੱਲੋਂ ਦਿੱਤੀ ਗਈ ਇਸਲਾਮ ਦੀ ਵਿਆਖਿਆ ਨੂੰ। ਸ਼੍ਰੀ ਰਾਮ ਮੰਦਰ ਦੇਸ਼ ਅੰਦਰ ਭਾਈਚਾਰੇ, ਆਪਸੀ ਸੁਹਾਰਦ, ਸਾਰਿਆਂ ਲਈ ਮੰਗਲਕਾਰੀ, ਵਿਕਾਸ ਕਰਨ ਵਾਲਾ, ਭੈਅ, ਭੁੱਖ ਅਤੇ ਭ੍ਰਿਸ਼ਟਾਚਾਰ ਤੋਂ ਮੁਕਤੀ ਦਿਵਾਉਣ ਦਾ ਸੰਬਲ ਬਣੇ ਇਸੇ ਆਸ਼ਾ ਨਾਲ ਸ਼੍ਰੀ ਰਾਮ ਮੰਦਰ ਨਿਰਮਾਣ ਸ਼ੁਰੂ ਹੋਣ ਤੇ ਦੇਸ਼ਵਾਸੀਆਂ ਨੂੰ ਲੱਖ-ਲੱਖ ਵਧਾਈ।
No comments:
Post a Comment