ਨਵੰਬਰ ਮਹੀਨਾ ਆਉਦੇ ਹੀ ਦੇਸ਼ ਵਾਸੀਆਂ ਦੇ ਦਿਲਾਂ ’ਤੇ ਲੱਗੇ ਉਹ ਜ਼ਖ਼ਮ ਅੱਲ੍ਹੇ ਹੋ ਜਾਂਦੇ ਹਨ ਜੋ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਚਲਦਿਆਂ ਮਿਲੇ। ਪੂਰਾ ਦੇਸ਼ ਇਸ ਨਰਸੰਘਾਰ ਤਂੋ ਦੁਖੀ ਹੈ ਅਤੇ ਪੀੜਤਾਂ ਪ੍ਰਤੀ ਪੂਰੀ ਹਮਦਰਦੀ ਰੱਖਦਾ ਹੋਇਆ ਦੋਸ਼ੀਆਂ ਨੂੰ ਸਜ਼ਾ ਮਿਲਦਿਆਂ ਦੇਖਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ। ਪਰੰਤੂ ਦੇਖਣ ਵਿਚ ਆਇਆ ਹੈ ਕਿ ਇਹਨਾਂ ਦੰਗਿਆਂ ਦੀ ਆੜ ਹੇਠ ਸਿਰ ਚੁੱਕਣ ਲਗਦੀਆਂ ਹਨ ਉਹ ਤਾਕਤਾਂ ਜੋ ਜ਼ਹਿਰ ਦੀ ਖੇਤੀ ਕਰਕੇ ਦੇਸ਼ ਅੰਦਰ ਵੱਖਵਾਦ ਦੀ ਫਸਲ ਕੱਟਣਾ ਚਾਹੁੰਦੀਆਂ ਹਨ। ਦੰਗਿਆਂ ਦੀ ਆੜ ਵਿਚ ਦੇਸ਼ ਵਿਰੋਧੀ ਪ੍ਰਚਾਰ ਸ਼ੁਰੂ ਹੋ ਜਾਂਦਾ ਹੈ। ਆਰੋਪ ਅਨੁਸਾਰ, ਕਾਂਗਰਸ ਪਾਰਟੀ ਵੱਲੋਂ ਕਰਵਾਏ ਗਏ ਦੰਗਿਆਂ ਨੂੰ ਹਿੰਦੂ-ਸਿੱਖ ਸਮਾਜ ਵਿਚਕਾਰ ਟਕਰਾਅ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਇਹਨਾਂ ਤਾਕਤਾਂ ਦਾ ਉਦੇਸ਼ ਦੰਗਾ ਪੀੜਤਾਂ ਨੂੰ ਇਨਸਾਫ ਦਿਲਵਾਉਣਾ ਨਹੀਂ ਬਲਕਿ ਸਮਾਜ ਅੰਦਰ ਵੰਡ ਪਾਉਣਾ ਜ਼ਿਆਦਾ ਹੁੰਦਾ ਹੈ। ਪਰੰਤੂ ਤਸਵੀਰ ਦਾ ਦੂਸਰਾ ਪਹਿਲੂ ਵੀ ਹੈ, ਜਿਸ ਉੱਪਰ ਅੱਜਤੀਕ ਬਹੁਤ ਘੱਟ ਲੋਕਾਂ ਦਾ ਧਿਆਨ ਗਿਆ ਹੈ। ਇਹਨਾਂ ਦੰਗਿਆਂ ਵਿਚ ਹਿੰਦੂ ਸਮਾਜ ਨੇ ਅੱਗੇ ਵਧ ਕੇ ਆਪਣੇ ਸਿੱਖ ਭਰਾਵਾਂ ਦੀ ਜਾਨ-ਮਾਲ ਦੀ ਰੱਖਿਆ ਕੀਤੀ ਅਤੇ ਪੀੜਤਾਂ ਨੂੰ ਆਪਣੇ ਘਰਾਂ ਵਿਚ ਆਸਰਾ ਦਿੱਤਾ। ਹਿੰਦੂ-ਸਿੱਖਾਂ ਦਾ ਇਹ ਵਿਵਹਾਰ ਕੇਵਲ ਦਿੱਲੀ ਹੀ ਨਹੀਂ ਬਲਕਿ ਦੇਸ਼ ਦੇ ਬਹੁਤ ਸਾਰੇ ਹਿੱਸਿਆਂ ਵਿਚ ਵੀ ਦੇਖਣ ਨੂੰ ਮਿਲਿਆ। ਇਸ ਵਿਸ਼ੇ ’ਤੇ ਮੰਨੇ-ਪ੍ਰਮੰਨੇ ਚਿੰਤਕ ਸ਼੍ਰੀ ਅਮਰਦੀਪ ਜੌਲੀ ਵੱਲੋਂ ਲਿਖੀ ਅਤੇ ਅਕਾਸ਼ਵਾਣੀ ਪ੍ਰਕਾਸ਼ਨ ਜਲੰਧਰ ਵੱਲੋਂ ਪ੍ਰਕਾਸ਼ਿਤ ਪੁਸਤਕ ‘ਇਨਸਾਨੀਅਤ ਜਿੰਦਾ ਹੈ’ ਸਾਹਮਣੇ ਆਈ ਹੈ। ਇਸ ਪੁਸਤਕ ਅੰਦਰ ਲੇਖਕ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਉਹਨਾਂ ਸਿੱਖ ਭਰਾਵਾਂ ਦੇ ਅਨੁਭਵ ਸਾਂਝੇ ਕੀਤੇ ਹਨ ਜੋ ਦੰਗਾ ਪੀੜਤ ਹਨ ਅਤੇ ਉਹਨਾਂ ਨੂੰ ਬਚਾਉਣ ਵਿਚ ਕਿਸੇ ਨਾ ਕਿਸੇ ਰੂਪ ਵਿਚ ਹਿੰਦੂ ਭਰਾਵਾਂ ਨੇ ਆਪਣੀ ਜਾਨਾਂ ਦੀ ਵੀ ਬਾਜ਼ੀ ਲਗਾ ਦਿੱਤੀ। ਜਿਸ ਤਰ੍ਹਾਂ ਪੰਜਾਬ ਅੰਦਰ ਅੱਤਵਾਦ ਸਮੇਂ ਵੀ ਹਿੰਦੂ-ਸਿੱਖ ਸਮਾਜ ਵਿਚਕਾਰ ਸਦੀਆਂ ਤੋਂ ਚਲਿਆ ਆ ਰਿਹਾ ਨਹੁੰ-ਮਾਂਸ ਦਾ ਰਿਸ਼ਤਾ ਕਾਇਮ ਰਿਹਾ, ਉਸੇ ਤਰ੍ਹਾਂ 1984 ਦੇ ਦੰਗਿਆਂ ਦੇ ਬੁਰੇ ਸਮੇਂ ਦੌਰਾਨ ਵੀ ਇਹਨਾਂ ਰਿਸ਼ਤਿਆਂ ਨੇ ਨਵੀਆਂ ਸ਼ਿਖਰਾਂ ਛੂਹੀਆਂ।
ਸਿੱਖ ਵਿਰੋਧੀ ਦੰਗਾ ਪੀੜਤਾਂ ਲਈ ਲੜਨ ਵਾਲੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਅਤੇ ਸਾਬਕਾ ਵਿਧਾਇਕ ਐਡਵੋਕੇਟ ਐਚ.ਐਸ. ਫੂਲਕਾ ‘ਦ ਇੰਡੀਅਨ ਐਕਸਪ੍ਰੈਸ’ ਵਿਚ 19 ਅਗਸਤ, 2018 ਨੂੰ ਪ੍ਰਕਾਸ਼ਿਤ ਰਿਪੋਰਟ ਵਿਚ ਸ਼੍ਰੀ ਅਟਲ ਬਿਹਾਰੀ ਵਾਜਪਈ ਬਾਰੇ ਦਸਦੇ ਹਨ ਕਿ ‘‘ ਸਾਬਕਾ ਪ੍ਰਧਾਨ ਮੰਤਰੀ ਅਤੇ ਭਾਜਪਾ ਦੇ ਨੇਤਾ ਸ਼੍ਰੀ ਅਟਲ ਬਿਹਾਰੀ ਵਾਜਪਈ ਉਸ ਵੇਲੇ ਦਿੱਲੀ ਦੇ ਸਾਂਸਦ ਸਨ। ਸਾਬਕਾ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਦੀ ਕਾਇਰਤਾਪੂਰਨ ਹੱਤਿਆ ਤੋਂ ਬਾਅਦ 1 ਨਵੰਬਰ, 1984 ਨੂੰ ਜਦੋਂ ਸਿੱਖ ਵਿਰੋਧੀ ਦੰਗੇ ਸ਼ੁਰੂ ਹੋਏ ਤਾਂ ਉਹਨਾਂ ਦੀ ਸਿਹਤ ਖਰਾਬ ਸੀ ਅਤੇ ਉਹ ਆਪਣੇ ਘਰ ’ਚ ਹੀ ਸਨ। ਉਹਨਾਂ ਦੇ ਘਰ ਸਾਹਮਣੇ ਇਕ ਟੈਕਸੀ ਸਟੈਂਡ ਸੀ, ਜਿੱਥੇ ਸਿੱਖ ਡਰਾਈਵਰ ਵੀ ਸਨ। ਦੰਗਾਈਆਂ ਨੇ ਸਿੱਖ ਡਰਾਈਵਰਾਂ ’ਤੇ ਹਮਲਾ ਕਰ ਦਿੱਤਾ ਅਤੇ ਉਹਨਾਂ ਦਾ ਸ਼ੋਰ ਸੁਣ ਕੇ ਵਾਜਪਈ ਜੀ ਬਾਹਰ ਆਏ। ਉਹਨਾਂ ਨੇ ਸਿੱਖ ਡਰਾਈਵਰਾਂ ਨੂੰ ਬਚਾਇਆ ਅਤੇ ਆਪਣੇ ਘਰ ਆਸਰਾ ਦਿੱਤਾ।’’
ਐਡਵੋਕੇਟ ਫੂਲਕਾ ਅੱਗੇ ਲਿਖਦੇ ਹਨ ਕਿ ‘‘ ਉਸ ਸਮੇਂ ਦੀ ਸੱਤਾਧਾਰੀ ਪਾਰਟੀ ਕਾਂਗਰਸ ਨੇ ਸੰਸਦ ਵਿਚ ਦੰਗਾ ਪੀੜਤਾਂ ਦੀ ਗਿਣਤੀ ਕੇਵਲ 600 ਦੱਸੀ ਤਾਂ ਵਾਜਪਈ ਜੀ ਨੇ ਇਸਦਾ ਵਿਰੋਧ ਕੀਤਾ। ਉਹਨਾਂ ਨੇ 16 ਨਵੰਬਰ, 1984 ਨੂੰ ਸੰਸਦ ਵਿਚ ਦੰਗਿਆਂ ਵਿਚ ਹੋਈ ਮੋਤਾਂ ਦੀ ਗਿਣਤੀ 2700 ਦੱਸੀ। ਇਹ ਅੰਕੜੇ ਭਾਜਪਾ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਰਹੇ ਸ਼੍ਰੀ ਮਦਨ ਲਾਲ ਖੁਰਾਨਾ ਨੇ ਦੰਗਾ ਪੀੜਤਾਂ ਦੇ ਘਰ-ਘਰ ਅਤੇ ਰਾਹਤ ਕੈਂਪਾਂ ਵਿਚ ਜਾ ਕੇ ਜੁਟਾਏ ਸਨ। ਇਸ ਤੇ ਕਾਂਗਰਸ ਨੇ ਵਾਜਪਈ ਜੀ ਨੂੰ ਦੇਸ਼ ਦਾ ਗੱਦਾਰ ਗਰਦਾਨਿਆ ਤਾਂ ਉਹਨਾਂ ਨੇ ਕਿਹਾ ਕਿ ਮੈਨੰੂ ਕੋਈ ਕੁਝ ਵੀ ਕਹੇ, ਕੋਈ ਫਰਕ ਨਹੀਂ ਪੈਂਦਾ। ਬਾਅਦ ਵਿਚ ਅਹੂਜਾ ਸੰਮਤੀ ਦੀ ਰਿਪੋਰਟ ਵਿਚ ਵੀ ਇਹ ਅੰਕੜੇ ਸਹੀ ਮਿਲੇ, ਉਹਨਾਂ ਨੇ ਦੰਗੇ ਵਿਚ ਮਾਰੇ ਗਏ ਲੋਕਾਂ ਦੀ ਗਿਣਤੀ 2733 ਦੱਸੀ।’’
ਐਡਵੋਕੇਟ ਫੂਲਕਾ ਅਨੁਸਾਰ, ‘‘ ਪ੍ਰਧਾਨ ਮੰਤਰੀ ਬਨਣ ਤੋਂ ਬਾਅਦ ਮੈਂ ਵਾਜਪਈ ਨੂੰ ਮਿਲਿਆ ਅਤੇ ਉਹਨਾਂ ਨੂੰ ਦੱਸਿਆ ਕਿ ਕਾਂਗਰਸ ਪਾਰਟੀ ਕਿਸ ਤਰ੍ਹਾਂ ਆਪਣੇ ਲੋਕਾਂ ਨੂੰ ਬਚਾਉਣ ਲਈ ਕੇਸਾਂ ਨੂੰ ਦਬਾ ਰਹੀ ਹੈ। ਸੁਝਾਅ ਦੇਣ ਤੇ ਵਾਜਪਈ ਜੀ ਨੇ ਨਾਨਾਵਟੀ ਆਯੋਗ ਦੀ ਸਥਾਪਨਾ ਕੀਤੀ ਅਤੇ ਬੰਦ ਹੋ ਚੁਕੇ ਕੇਸ ਦੁਬਾਰਾ ਖੁਲ੍ਹਵਾਏ। ਵਾਜਪਈ ਜੀ ਵੱਲੋਂ ਸੰਸਦ ਵਿਚ ਰਖੀ ਗਈ ਮਿ੍ਰਤਕਾਂ ਦੀ ਸੂਚੀ ਇਸ ਆਯੋਗ ਨੂੰ ਵੱਖ-ਵੱਖ ਥਾਵਾਂ ਤੇ ਬਹੁਤ ਕੰਮ ਆਈ।’’
ਇਸੇ ਤਰ੍ਹਾਂ ਉੱਘੇ ਪੱਤਰਕਾਰ ਅਤੇ ਲੇਖਕ ਸ. ਖੁਸ਼ਵੰਤ ਸਿੰਘ ਪਬਲਿਕ ਏਸ਼ੀਆ ਦੇ 16 ਨਵੰਬਰ, 1989 ਅੰਕ ਵਿਚ ਲਿਖਦੇ ਹਨ ਕਿ ‘‘ ਇਹ ਕਾਂਗਰੇਸ (ਆਈ) ਦੇ ਨੇਤਾ ਸਨ ਜਿਨ੍ਹਾਂ ਨੇ 1984 ਵਿਚ ਭੀੜ ਨੂੰ ਭੜਕਾਇਆ ਜਿਸ
ਵਿਚ 3000 ਤੋਂ ਜਿਆਦਾ ਲੋਕ ਮਾਰੇ ਗਏ। ਮੈਂ ਆਰ.ਐਸ.ਐਸ. ਅਤੇ ਬੀ.ਜੇ.ਪੀ. ਨੂੰ ਇਹ ਕ੍ਰੈਡਿਟ ਦੇਣਾ ਚਾਹੁੰਦਾ ਹਾਂ ਜਿਨ੍ਹਾਂ ਨੇ ਉਨ੍ਹਾਂ ਮੁਸ਼ਕਿਲ ਦਿਨਾਂ ਵਿਚ ਬੇਸਹਾਰਾ ਸਿੱਖਾਂ ਨੂੰ ਬਚਾਉਣ ਦਾ ਹੌਂਸਲਾ ਦਿਖਾਇਆ।’’
‘ਇਨਸਾਨੀਅਤ ਜਿੰਦਾ ਹੈ’ ਪੁਸਤਕ ਵਿਚ ਲੇਖਕ ਨੇ ਲਗਭਗ ਦੋ ਦਰਜਨ ਉਹਨਾਂ ਦੰਗਾ ਪੀੜਤਾਂ ਦੇ ਸਾਕਸ਼ਾਤਕਾਰ ਵੀ ਪ੍ਰਕਾਸ਼ਿਤ ਕੀਤੇ ਹਨ ਜਿਨ੍ਹਾਂ ਦੇ ਜਾਨ-ਮਾਲ ਦੀ ਰਾਖੀ ਉਹਨਾਂ ਦੇ ਗਵਾਂਢੀਆਂ, ਆਰ.ਐਸ.ਐਸ. ਦੇ ਸ੍ਵਯੰਸੇਵਕਾਂ ਅਤੇ ਹਿੰਦੂ ਸਮਾਜ ਦੇ ਲੋਕਾਂ ਨੇ ਕੀਤੀ। ਹਿੰਦੂ ਅਤੇ ਸਿੱਖ ਸਮਾਜ ਦਾ ਇਤਿਹਾਸਿਕ ਪਿਛੋਕੜ ਇਕ ਹੈ ਅਤੇ ਪੁਰਖਿਆਂ ਤੋਂ ਲੈ ਕੇ ਇਤਿਹਾਸ, ਸੱਭਿਆਚਾਰ, ਰਿਤੀ-ਰਿਵਾਜ, ਸਮਾਜਿਕ ਤਾਣਾ-ਬਾਣਾ ਸਾਂਝਾ ਹੈ। ਦੋਨਾਂ ਵਿਚਕਾਰ ਰੋਟੀ-ਬੇਟੀ ਦਾ ਰਿਸ਼ਤਾ ਹੈ ਅਤੇ ਦੋਨਾਂ ਸਮਾਜਾਂ ਦੀ ਕਮਜੋਰੀ-ਤਾਕਤ ਇਕੋ-ਜਿਹੀ ਹੈ। ਇਕ ਵਿਦਵਾਨ ਦੇ ਅਨੁਸਾਰ, ਹਿੰਦੂ-ਸਿੱਖ ਸਮਾਜ ਵਿਚਕਾਰ ਗਰਭਨਾਲ ਦਾ ਰਿਸ਼ਤਾ ਹੈ। ਗਰਭਨਾਲ ਦੇ ਰਾਹੀਂ ਮਾਂ ਨਾਲ ਬੱਚਾ ਜੁੜਿਆ ਹੁੰਦਾ ਹੈ ਅਤੇ ਸਮਾਂ ਬੀਤਣ ਦੇ ਬਾਅਦ ਗਰਭਨਾਲ ਕੱਟੀ ਵੀ ਜਾਂਦੀ ਹੈ ਪਰੰਤੂ ਦੋਨਾਂ ਵਿਚਕਾਰ ਰਿਸ਼ਤਾ ਕਦੇ ਖਤਮ ਨਹੀਂ ਹੁੰਦਾ ਅਤੇ ਨਾ ਹੀ ਇਸ ਰਿਸ਼ਤੇ ਦੀ ਤੁਲਨਾ ਕਿਸੇ ਹੋਰ ਰਿਸ਼ਤੇ ਨਾਲ ਕੀਤੀ ਜਾ ਸਕਦੀ।
ਇਹ ਕੇਵਲ ਕਹਿਣ ਦੀਆਂ ਹੀ ਗੱਲਾਂ ਨਹੀਂ ਹਨ ਬਲਕਿ ਇਤਹਾਸਿਕ ਸੱਚਾਈ ਹੈ ਕਿ ਵਿਦੇਸ਼ੀ ਧਾੜਵੀਆਂ ਤੋਂ ਲੈ ਕੇ ਦੇਸ਼ ਦੀ ਵੰਡ, ਪੰਜਾਬ ਅੰਦਰ ਅੱਤਵਾਦ ਅਤੇ ਸਿੱਖ ਵਿਰੋਧੀ ਦੰਗਿਆਂ ਦਾ ਸੰਤਾਪ ਦੋਨਾਂ ਪੰਜਾਬੀ ਸਮਾਜ ਨੇ ਮਿਲ ਜੁਲ ਕੇ ਮਿਲਜੁਲ ਕੇ ਹੰਡਾਇਆ। ਹਰ ਦੰਗਾ ਆਪਣੇ ਪਿੱਛੇ ਸਮਾਜ ਅੰਦਰ ਤਰੇੜਾਂ ਛੱਡ ਜਾਂਦਾ ਹੈ, ਸਮਾਜ ਹਿਤੈਸ਼ੀ ਤਾਕਤਾਂ ਇਹਨਾਂ ਦਰਾਰਾਂ ਨੂੰ ਭਰਨ ਵਿਚ ਅਤੇ ਸਮਾਜ ਵਿਰੋਧੀ ਤਾਕਤਾਂ ਇਸ ਪਾੜ ਨੂੰ ਖਾਈ ਬਨਾਉਣ ਵਿਚ ਵਿਸ਼ਵਾਸ ਕਰਦੀਆਂ ਹਨ। ਜੇਕਰ ਪੀੜਤਾਂ ਨੂੰ ਸਮੇਂ ਸਿਰ ਇਨਸਾਫ ਨਾ ਮਿਲੇ ਤਾਂ ਸਮਾਜ ਵਿਰੋਧੀ ਤਾਕਤਾਂ ਦਾ ਕੰਮ ਸੁਖਾਲਾ ਹੋ ਜਾਂਦਾ ਹੈ ਅਤੇ ਦੁਖੀ ਸਮਾਜ ਉਹਨਾਂ ਪਿੱਛੇ ਲੱਗ ਜਾਂਦਾ ਹੈ। 1984 ਦੇ ਦੰਗਿਆਂ ਨੂੰ ਲਗਭਗ ਚਾਰ ਦਹਾਕੇ ਹੋ ਚੁਕੇ ਹਨ ਪਰੰਤੂ ਪੀੜਤਾਂ ਨੂੰ ਨਿਆ ਨਹੀਂ ਮਿਲ ਪਾਇਆ ਹੈ। ਸਾਡੀ ਨਿਆ ਪ੍ਰਣਾਲੀ ਅਤੇ ਸਰਕਾਰ ਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਦੇਸ਼ਵਾਸੀਆਂ ਦੇ ਉਹਨਾਂ ਜਖਮਾਂ ਤੇ ਮਲ੍ਹਮ ਲਗਾਉਣ ਦੀ ਗੰਭੀਰ ਕੋਸ਼ਿਸ਼ ਕਰੇ ਜੋ ਅੱਜ ਵੀ ਅਲ੍ਹੇ ਹਨ। ਜਿਆਦਾ ਦੇਰੀ ਨਾਲ ਇਹਨਾਂ ਜਖਮਾਂ ਵਿਚ ਵੱਖਵਾਦੀ ਕੀੜੇ ਪੈ ਸਕਦੇ ਹਨ ਜੋ ਨਾ ਕੇਵਲ ਇਹਨਾਂ ਪੀੜਤਾਂ ਲਈ ਬਲਕਿ ਸਮੂਚੇ ਦੇਸ਼ ਲਈ ਵੀ ਖਤਰਨਾਕ ਸਾਬਿਤ ਹੋ ਸਕਦੇ ਹਨ।
No comments:
Post a Comment